ਮੋਗਾ, 4 ਜਨਵਰੀ:( ਅਸ਼ਵਨੀ)-ਐਸ.ਪੀ. (ਆਈ) ਮੋਗਾ ਅਜੇਰਾਜ ਸਿੰਘ, ਡੀ.ਐਸ.ਪੀ (ਸ:ਡ ਧਰਮਕੋਟ) ਰਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਕੋਟ ਈਸੇ ਖਾਂ ਗੁਰਵਿੰਦਰ ਸਿੰਘ ਭੁੱਲਰ ਦੇ ਨਿਰਦੇਸ਼ਾਂ ਹੇਠ ਉਸ ਵਕਤ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਥਾਣੇਦਾਰ ਚਰਨਜੀਤ ਸਿੰਘ ਮੋਗਾ ਪੁਲਿਸ ਚੌਂਕੀ ਬਲਖੰਡੀ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਰੰਡਿਆਲਾ ਤੋ ਸਿੰਘਪੁਰਾ ਮੁੰਨਣ ਤੋਂ ਚਾਰ ਵਿਅਕਤੀਆਂ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬੂ ਕੀਤਾ। ਇਨ੍ਹਾਂ 4 ਵਿਅਕਤੀਆਂ ਵਿੱਚ ਗੁਰਜੰਟ ਸਿੰਘ ਉਰਫ਼ ਸ਼ੈਂਟੀ, ਜੱਗਾ ਸਿੰਘ, ਗੁਰਸਿਮਰਨ ਸਿੰਘ ਸੁਮਨਾਂ, ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਚਿਰਾਗ ਸ਼ਾਹ ਵਾਲਾ ਸ਼ਾਮਿਲ ਹਨ। ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ 8 ਮੋਟਰ ਸਾਈਕਲ, 2 ਐਕਟਿਵਾ ਅਤੇ 1 ਬੁਲੇਟ ਮੋਟਰਸਾਈਕਲ ਬਰਾਮਦ ਕਰਕੇ ਇਨ੍ਹਾਂ ਖਿਲਾਫ਼ ਸਬੰਧਤ ਥਾਣਿਆਂ ਵਿੱਚ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮੋਗਾ ਪੁਲਿਸ ਕਿਸੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀ, ਸ਼ਰਾਰਤੀ ਅਨਸਰ ਅਤੇ ਜ਼ਿਲ੍ਹੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ।
