ਲੋਕਾਂ ਨੂੰ ਗੈਂਗਸਟਰਾਂ ਤੋਂ ਖ਼ਤਰਾ ਨਹੀਂ, ਪੁਲਿਸ ਤੋਂ ਹੈ – ਕਾਮਰੇਡ ਭਰਪੂਰ
ਪੁਲਿਸ ਅਧਿਕਾਰੀਆਂ ਨੇ ਲੱਤਾਂ ਤੋੜਣ ਦੇ ਲਗਾਏ ਦੋਸ਼ਾਂ ਨੂੰ ਕਿਹਾ ਬੇਬੁਨਿਆਦ
ਜਗਰਾਓਂ, 29 ਮਈ ( ਭਗਵਾਨ ਭੰਗੂ, ਜਗਰੂਪ ਸੋਹੀ )-ਲੋਕਾਂ ਨਾਲ ਆਪਣੀ ਮਰਜ਼ੀ ਮੁਤਾਬਕ ਵਰਤਾਓ ਕਰਨ ਅਤੇ ਵਧੀਕੀਆਂ ਕਰਨ ਲਈ ਮਸ਼ਹੂਰ ਜਗਰਾਓਂ ਪੁਲਸ ਇਕ ਵਾਰ ਫਿਰ ਸੁਰਖੀਆਂ ’ਚ ਆ ਗਈ ਹੈ। ਇਸ ਵਾਰ ਸੀ.ਆਈ.ਏ ਸਟਾਫ਼ ਦੇ ਪੁਲਿਸ ਮੁਲਾਜ਼ਮਾਂ ’ਤੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਦੀਆਂ ਦੋਵੇਂ ਲੱਤਾਂ ਤੋੜਨ ਦਾ ਦੋਸ਼ ਹੈ। ਸਿਵਲ ਹਸਪਤਾਲ ਜਗਰਾਉਂ ਵਿਖੇ ਜ਼ੇਰੇ ਇਲਾਜ ਪੰਜਾਬ ਨੈਸ਼ਨਲ ਬੈਂਕ ਜਗਰਾਓਂ ਨੇੜੇ ਮੁਹੱਲਾ ਬਾਗ ਖੇਤਰਾਮ ਦੇ ਰਹਿਣ ਵਾਲੇ ਨੌਜਵਾਨ ਰਵੀ ਕੁਮਾਰ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਕੰਮ ਲਈ ਇਕ ਵਿਅਕਤੀ ਤੋਂ 500 ਰੁਪਏ ਲੈਣੇ ਸਨ। ਉਸ ਵਿਅਕਤੀ ਨੇ ਉਸ ਨੂੰ ਬੁਲਾ ਕੇ ਕਿਹਾ ਕਿ ਤੂੰ ਬਾਹਰ ਸੜਕ ’ਤੇ ਆ ਕੇ ਪੈਸੇ ਲੈ ਲੈ। ਇਸ ’ਤੇ ਉਹ ਆਪਣੇ ਬੱਚੇ ਨੂੰ ਲੈ ਕੇ ਉਸ ਤੋਂ ਪੈਸੇ ਲੈਣ ਆਇਆ ਅਤੇ ਪੈਸੇ ਲੈ ਕੇ ਆਪਣੀ ਜੇਬ ’ਚ ਪਾ ਲਏ। ਇਸ ਤੋਂ ਬਾਅਦ ਦੋ ਵਿਅਕਤੀ ਉੱਥੇ ਆਏ ਜਿਨ੍ਹਾਂ ਵਿੱਚੋਂ ਇੱਕ ਨੇ ਮੇਰੀ ਜੇਬ ਵਿੱਚ ਹੱਥ ਪਾ ਲਿਆ। ਮੈਂ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਲੁਟੇਰੇ ਸਮਝ ਕੇ ਉਸ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਉਹ ਉਸ ਦੀ ਤਲਾਸ਼ੀ ਲੈਣ ਲਈ ਕਹਿਣ ਲੱਗੇ ਤਾਂ ਉਸ ਸਮੇਂ ਮੇਰੀ ਜੇਬ ਵਿਚ 500 ਰੁਪਏ ਸਨ ਜੋ ਮੈਂ ਉਸ ਵਿਅਕਤੀ ਕੋਲੋਂ ਲਏ ਸਨ ਅਤੇ ਇਕ ਜਰਦੇ ਦੀ ਪੁੜੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੈਂ ਆਪਣੇ ਘਰ ਫੋਨ ਕੀਤਾ ਅਤੇ ਮੇਰੀ ਮਾਂ ਉੱਥੇ ਪਹੁੰਚ ਗਈ। ਉਸ ਸਮੇਂ ਉਹ ਲੋਕ ਉਥੋਂ ਚਲੇ ਗਏ ਪਰ ਬਾਅਦ ਵਿਚ ਉਹ ਹੋਰ ਵਿਅਕਤੀਆਂ ਨਾਲ ਉਸਦੇ ਘਰ ਆ ਗਏ ਅਤੇ ਖੁਦ ਨੂੰ ਸੀਆਈਏ ਸਟਾਫ਼ ਦੇ ਮੁਲਾਜ਼ਮ ਦੱਸਦਿਆਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਜਦੋਂ ਮੇਰੀ ਮਾਂ ਮੈਨੂੰ ਬਚਾਉਣ ਲਈ ਅੱਗੇ ਆਈ ਤਾਂ ਉਨ੍ਹਾਂ ਨੇ ਉਸਦੀ ਬਾਂਹ ’ਤੇ ਜ਼ੋਰਦਾਰ ਵਾਰ ਕੀਤਾ ਅਤੇ ਉਸਨੂੰ ਪਿੱਛੇ ਧੱਕ ਦਿੱਤਾ। ਇਸ ਤੋਂ ਪਹਿਲਾਂ ਉਹ ਇਲਾਜ ਲਈ ਨਿੱਜੀ ਹਸਪਤਾਲ ਗਿਆ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਇਹ ਲੋਕ ਉਸ ਨੂੰ ਉਥੋਂ ਚੁੱਕ ਕੇ ਲੈ ਜਾਣਗੇ। ਹੁਣ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ।
ਲੋਕਾਂ ਨੂੰ ਗੈਂਗਸਟਰਾਂ ਤੋਂ ਘੱਟ ਪੁਲਿਸ ਤੋਂ ਜ਼ਿਆਦਾ ਖ਼ਤਰਾ -ਇਸ ਮੌਕੇ ਹਾਜ਼ਰ ਕਾਮਰੇਡ ਭਰਪੂਰ ਸਿੰਘ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਬਲਿਕ ਦੀ ਰਖਵਾਲੀ ਕਰਨ ਵਾਲੀ ਪੁਲਿਸ ਹੀ ਲੋਕਾਂ ਨੂੰ ਧੱਕੇਸ਼ਾਹੀ ਕਰ ਰਹੀ ਹੈ। ਲੋਕਾਂ ਨੂੰ ਗੈਂਗਸਟਰਾਂ ਤੋਂ ਘੱਟ ਅਤੇ ਪੁਲਿਸ ਤੋਂ ਜ਼ਿਆਦਾ ਖ਼ਤਰਾ ਹੈ। ਪੁਲਿਸ ਆਪਣੀ ਮਰਜ਼ੀ ਨਾਲ ਕੰਮ ਕਰ ਰਹੀ ਹੈ। ਜਿਸ ’ਤੇ ਚਾਹੇ ਝੂਠੇ ਕੇਸ ਦਰਜ ਕਰ ਦਿਤੇ ਜਾਂਦੇ ਹਨ। ਇਸਦੀਆਂ ਅਨੇਕਾਂ ਮਿਸਾਲਾਂ ਜਗਰਾਉਂ ਇਲਾਕੇ ਵਿੱਚ ਹੀ ਦੇਖੀਆਂ ਜਾ ਸਕਦੀਆਂ ਹਨ। ਲੋਕ ਇਨਸਾਫ਼ ਲਈ ਦੁਹਾਈ ਦਿੰਦੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਲਈ ਕਿਹਾ। ਕਾਮਰੇਡ ਭਰਪੂਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੌਜਵਾਨਾਂ ਦੇ ਨਾਲ ਖੜ੍ਹੀ ਹੈ। ਜੇਕਰ ਇਸ ਨੌਜਵਾਨ ਨੂੰ ਇਨਸਾਫ਼ ਨਾ ਮਿਲਿਆ ਅਤੇ ਲੱਤਾਂ ਤੋੜਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਮੰਗਲਵਾਰ ਨੂੰ ਐਸਐਸਪੀ ਜਗਰਾਉਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਇਸ ਸਬੰਧੀ ਐਸਐਸਪੀ ਨਵਨੀਤ ਸਿੰਘ ਬੈਂਸ ਨਾਲ ਗੱਲ ਕਰਨ ਲਈ ਉਨ੍ਹਾਂ ਦਾ ਵਾਰ-ਵਾਰ ਫੋਨ ਕੀਤਾ ਗਿਆ, ਪਰ ਉਨ੍ਹਾਂ ਫੋਨ ਅਟੈਂਡ ਕਰਨ ਦੀ ਲੋੜ ਨਹੀਂ ਸਮਝੀ।
ਕੀ ਕਹਿਣਾ ਹੈ ਸੀਆਈਏ ਸਟਾਫ਼ ਇੰਚਾਰਜ ਦਾ-ਇਸ ਸਬੰਧੀ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਦੀ ਪੁਲੀਸ ਪਾਰਟੀ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਬਾਅਦ ਵਿੱਚ ਉਹ ਖੁਦ ਵੀ ਪੁਲਿਸ ਪਾਰਟੀ ਦੇ ਨਾਲ ਸੀ ਤਾਂ ਇਹ ਨੌਜਵਾਨ ਪੁਲਿਸ ਦੀ ਗੱਡੀ ਤੇ ਇੱਟ ਮਾਰ ਕੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਥੋਂ ਫਰਾਰ ਹੋ ਗਿਆ। ਕਿਸੇ ਵੀ ਪੁਲੀਸ ਮੁਲਾਜ਼ਮ ਨੇ ਉਸ ਦੀ ਕੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੇ ਉਸ ਦੀਆਂ ਲੱਤਾਂ ਨੂੰ ਤੋੜੀਆਂ ਹਨ। ਇਹ ਜੋ ਦੋਸ਼ ਲਾ ਰਿਹਾ ਹੈ, ਉਹ ਬੇਬੁਨਿਆਦ ਹੈ।
ਕੀ ਕਹਿਣਾ ਹੈ ਐਸਪੀਡੀ ਦਾ -ਇਸ ਸਬੰਧੀ ਐਸਪੀਡੀ ਹਰਿੰਦਰਪਾਲ ਸਿੰਘ ਪਰਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਹੈ। ਜੇਕਰ ਕਿਸੇ ਕਰਮਚਾਰੀ ਵੱਲੋਂ ਅਜਿਹਾ ਵਿਵਹਾਰ ਕੀਤਾ ਗਿਆ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਨੌਜਵਾਨ ਹਸਪਤਾਲ ਵਿੱਚ ਇਲਾਜ ਅਧੀਨ ਹੈ ਤਾਂ ਉਸ ਦੇ ਬਿਆਨ ਦਰਜ ਕਰਨ ਲਈ ਪੁਲਿਸ ਪਾਰਟੀ ਭੇਜਾਂਗਾ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ। ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।