ਅਦਾਲਤ ਵਿੱਚ ਪੇਸ਼ ਕਰਕੇ 9 ਜਨਵਰੀ ਤੱਕ ਪੁਲਿਸ ਰਿਮਾਂਡ ਲੈ ਲਿਆ ਹੈ
ਜਗਰਾਉ, 6 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪਿੰਡ ਬਰੜੇਕੇ ਵਿਖੇ ਦਿਨ-ਦਿਹਾੜੇ ਪਰਮਜੀਤ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪਹਿਲਾਂ ਪੁਲਿਸ ਵਲੋਂ ਥਾਣਾ ਸਦਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਪਰ ਉਸੇ ਰਾਤ ਕੈਨੇਡਾ ਵਿੱਚ ਬੈਠੇ ਗੈਂਗਸਟਰ ਅਰਸ਼ ਡਾਲਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਪੋਸਟ ਪਾ ਕੇ ਲਈ ਸੀ। ਜਿਸ ਵਿਚ ਉਸਨੇ ਸਾਫ ਕਿਹਾ ਸੀ ਕਿ ਉਸਨੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲੈ ਲਿਆ ਹੈ। ਉਸਤੋਂ ਬਾਅਦ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਸੁਖਦੇਵ ਸਿੰਘ ਵਾਸੀ ਪਿੰਡ ਮੀਨੀਆਂ, ਉਸ ਦੀ ਪਤਨੀ ਲਵਜਿੰਦਰ ਕੌਰ, ਲੜਕਾ ਲਵਪ੍ਰੀਤ ਸਿੰਘ, ਲੜਕੀ ਕਿਰਨਪ੍ਰੀਤ ਕੌਰ ਤੋਂ ਇਲਾਵਾ ਨਵਜੋਤ ਸਿੰਘ ਵਾਸੀ ਪਿੰਡ ਚਕਰ (ਫੌਜੇਕੇ), ਲਵਪ੍ਰੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਲਰ, ਮਨਦੀਪ ਸਿੰਘ ਉਰਫ ਧਰੂ ਵਾਸੀ ਦੌਧਰ, ਥਾਣਾ ਸਦਰ ਮੋਗਾ ਅਤੇ ਅਰਸ਼ ਡਾਲਾ ਜ਼ਿਲਾ ਮੋਗਾ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਥਾਨਕ ਪੁਲਸ ਨੇ ਮਨਦੀਪ ਧਰੁ ਨੂੰ ਕਪੂਰਥਲਾ ਜੇਲ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਜਗਰਾਓਂ ਲਿਆਂਦਾ। ਗੈਂਗਸਟਰ ਮਨਦੀਪ ਧਰੁ ਇੱਕ ਕਤਲ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਨਜ਼ਰਬੰਦ ਸੀ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਸ ਦੀ ਕੀ ਭੂਮਿਕਾ ਹੈ। ਇਸਦੀ ਪੁਲੀਸ ਰਿਮਾਂਡ ਦੌਰਾਨ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਕੇਸ ਵਿੱਚ ਜੋ ਹੋਰ ਨਾਂ ਲਿਖੇ ਗਏ ਸਨ, ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਲਵਜਿੰਦਰ ਕੌਰ ਅਤੇ ਉਸ ਦੀ ਲੜਕੀ ਕਿਰਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਇਨ੍ਹਾਂ ਸਾਰਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਸ ਕਤਲ ਵਿੱਚ ਇਨ੍ਹਾਂ ਦੀ ਕੀ ਭੂਮਿਕਾ ਹੈ, ਇਸ ਦਾ ਖੁਲਾਸਾ ਹੋਵੇਗਾ।