ਮੋਗਾ ਵਿਖੇ ਦਾਖਲਾ ਕੈਂਪ 13 ਜਨਵਰੀ ਨੂੰ ਹੋਵੇਗਾ ਆਯੋਜਿਤ
ਮੋਗਾ, 9 ਜਨਵਰੀ ( ਅਸ਼ਵਨੀ, ਵਿਕਾਸ ਮਠਾੜੂ) -ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਐਨ.ਐਸ.ਆਈ.ਸੀ-ਟੈਕਨੀਕਲ ਸਰਵਿਸਿਜ਼ ਸੈਂਟਰ ਅਤੇ ਨਾਬਾਰਡ ਦੁਆਰਾ ਸਪਾਂਸਰ 30 ਸਿਖਿਆਰਥੀਆਂ ਨੂੰ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ 35 ਦਿਨਾਂ ਦਾ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ।ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ 30 ਸਿਖਿਆਰਥੀਆਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਦਾਖਲਾ ਮੁਹੱਈਆ ਕਰਵਾਇਆ ਜਾਵੇਗਾ। ਇਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਸਰਕਾਰੀ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਦੁਪਹਿਰ ਦੇ ਖਾਣੇ ਦੀ ਮੁਫ਼ਤ ਸਹੂਲਤ ਕੋਰਸ ਦੌਰਾਨ ਦਿੱਤੀ ਜਾਵੇਗੀ। ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਰੋਜ਼ਗਾਰ/ਸਵੈ-ਰੁਜ਼ਗਾਰ ਲਈ ਉਮੀਦਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਵਿੱਚ ਦਾਖਲਾ ਲੈਣ ਲਈ ਉਮੀਦਵਾਰ ਦੀ ਘੱਟੋ ਘੱਟ ਯੋਗਤਾ ਦਸਵੀਂ ਰੱਖੀ ਗਈ ਹੈ ਅਤੇ ਉਹ 18 ਤੋਂ 35 ਸਾਲ ਤੱਕ ਦਾ ਚੋਣਾ ਚਾਹੀਦਾ ਹੈ। ਚਾਹਵਾਨ ਆਪਣੇ ਦਸਵੀਂ ਦੇ ਸਰਟੀਫਿਕੇਟ ਦੀ ਕਾਪੀ, ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਕਾਰਡ ਦੀ ਕਾਪੀ ਲਿਆ ਕੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਰਜਿਸਟ੍ਰੇਸ਼ਨ ਲਈ ਆ ਸਕਦੇ ਹਨ। ਇਸ ਕੋਰਸ ਲਈ ਫਾਰਮ ਭਰਨ ਲਈ ਦਾਖਲਾ ਕੈਂਪ 13 ਜਨਵਰੀ, 2023 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਫੋਨ ਨੰਬਰ 6239266860 ‘ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਸ੍ਰੀਮਤੀ ਪਰਮਿੰਦਰ ਕੌਰ ਨੇ ਯੋਗ ਅਤੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।