ਰਾਏਕੋਟ, 12 ਜਨਵਰੀ ( ਵਿਕਾਸ ਮਠਾੜੂ, ਅਸ਼ਵਨੀ )-ਵਕਫ਼ ਬੋਰਡ ਦੀ ਜਗ੍ਹਾ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਰਾਏਕੋਟ ਵਿਖੇ ਨਗਰ ਕੌਂਸਲ ਦਫ਼ਤਰ ਨੇੜੇ ਰਾਏਕੋਟ ਦੇ ਵਸਨੀਕ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਸਈਅਦ ਸ਼ਕੀਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਨੀਲ ਪਾਸੀ ਵਾਸੀ ਰੇਖਾ ਬਿਊਟੀ ਪਾਰਲਰ ਰਾਏਕੋਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪੰਜਾਬ ਵਕਫ ਬੋਰਡ ਦੀ ਮਾਲਕੀ ਵਾਲੀ ਜਗ੍ਹਾ ਤਲਵੰਡੀ ਗੇਟ ਰਾਏਕੋਟ ਹੈ, ਜੋ ਕਿ ਨਵੰਬਰ 2020 ਦੇ ਇਕਰਾਰਨਾਮੇ ਅਨੁਸਾਰ ਅਮਰਦੀਪ ਸਿੰਘ ਵਾਸੀ ਰਾਏਕੋਟ ਤੋਂ ਖਰੀਦੀ ਗਈ ਸੀ। ਪੰਜਾਬ ਵਕਫ਼ ਬੋਰਡ ਦੇ ਰਿਕਾਰਡ ਅਤੇ ਭਾਰਤ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਹ ਜਗ੍ਹਾ ਜਿਸ ਵਿੱਚੋਂ 310 ਗਜ਼ ਮਕਾਨ ਅਤੇ 26 ਗਜ਼ ਕਮਰਸ਼ੀਅਲ ਹੈ। ਜਿਸ ਨੂੰ ਦਸੰਬਰ 2020 ਤੋਂ ਸਤੰਬਰ 2023 ਤੱਕ ਸੁਨੀਲ ਪਾਸੀ ਦੇ ਨਾਮ ਤੇ ਮਨਜੂਰ ਹੋਈ ਹੈ। ਪਹਿਲਾਂ ਇਹ ਜਗ੍ਹਾ ਰਾਏਕੋਟ ਵਾਸੀ ਜਤਿੰਦਰ ਕੁਮਾਰ ਦੇ ਨਾਂ ’ਤੇ ਬੋਲਦੀ ਸੀ। ਪੰਜਾਬ ਵਕਫ਼ ਬੋਰਡ ਦੇ ਰੈਂਟ ਕੁਲੈਕਟਰ ਅਨੁਸਾਰ ਸ਼ਿਕਾਇਤਕਰਤਾ ਸੁਨੀਲ ਪਾਸੀ ਵੱਲੋਂ ਅਮਰਦੀਪ ਸਿੰਘ ਤੋਂ 2020 ਵਿਚ ਖਰੀਦ ਕੇ ਕਬਜਾ ਹਾਸਿਲ ਕਰ ਲਿਆ ਗਿਆ ਸੀ। ਪਰ ਗੁਰਦੀਪ ਸਿੰਘ ਨੇ ਇਸ ਸਬੰਧੀ 1985 ਤੋਂ ਆਪਣਾ ਕਬਜ਼ਾ ਹੋਣ ਦਾ ਐਲਾਨ ਕੀਤਾ ਜਦਕਿ ਉਸ ਨੇ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ। ਇਸ ਤੋਂ ਬਾਅਦ ਗੁਰਦੀਪ ਸਿੰਘ ਨੇ ਇਸ ਮਕਾਨ ’ਤੇ ਆਪਣਾ ਹੱਕ ਜਤਾਉਂਦੇ ਹੋਏ ਸੁਨੀਲ ਪਾਸੀ ਵੱਲੋਂ ਲਗਾਏ ਗਏ ਤਾਲੇ ਤੋੜ ਕੇ ਆਪਣੇ ਘਰ ਅੰਦਰੋਂ ਕੰਧ ਤੋੜ ਕੇ ਕਬਜ਼ਾ ਕਰ ਲਿਆ। ਇਸ ਦੀ ਜਾਂਚ ਡੀਐਸਪੀ ਰਾਏਕੋਟ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਗੁਰਦੀਪ ਸਿੰਘ ਖਿਲਾਫ ਥਾਣਾ ਸਿਟੀ ਰਾਏਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ।