ਜਗਰਾਓਂ, 12 ਜਨਵਰੀ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ )-ਬੀਮਾ ਪਾਲਿਸੀ ਏਜੰਟ ਖਿਲਾਫ 2.40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਚਕਰ ਦੀ ਵਸਨੀਕ ਕਿਰਨਜੀਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਰਾਏਕੋਟ ਰੋਡ ਨੇੜੇ ਚੁੰਗੀ ਨੰਬਰ ਪੰਜ ਜਗਰਾਉਂ ਵਿਖੇ ਆਪਣੀ ਬੀਮਾ ਪਾਲਿਸੀ ਕਰਵਾਈ ਸੀ। ਇਸੇ ਬੈਂਕ ਵਿੱਚ ਡਿਊਟੀ ਕਰ ਰਹੇ ਇੱਕ ਕਰਮਚਾਰੀ ਵਿਕਾਸ ਪੋਰਵਾਲ ਨੇ ਸਾਲ 2019 ਵਿੱਚ ਉਸ ਤੋਂ ਬੀਮਾ ਪਾਲਿਸੀ ਦੀ ਕਿਸ਼ਤ ਲਈ 70,000 ਰੁਪਏ ਦਾ ਚੈੱਕ ਲਿਆ, ਉਸ ਤੋਂ ਬਾਅਦ 2020 ਵਿੱਚ 70,000 ਰੁਪਏ ਦਾ ਚੈੱਕ ਅਤੇ 2019 ਵਿੱਚ ਇੱਕ ਲੱਖ ਰੁਪਏ ਨਗਦ ਲਏ। ਜਦੋਂ ਵੀ ਉਸ ਨੇ ਇਸ ਕਰਮਚਾਰੀ ਤੋਂ ਰਸੀਦ ਦੀ ਮੰਗ ਕੀਤੀ ਤਾਂ ਉਸ ਨੇ ਹਰ ਵਾਰ ਕਿਹਾ ਕਿ ਰਸੀਦ ਤੁਹਾਡੇ ਘਰ ਪਹੁੰਚ ਜਾਵੇਗੀ। ਕੋਰੋਨਾ ਬਿਮਾਰੀ ਕਾਰਨ ਰਸੀਦ ਨਹੀਂ ਦਿੱਤੀ ਗਈ ਹੈ। ਹੁਣ ਜਦੋਂ ਸ਼ਿਕਾਇਤਕਰਤਾ ਦਾ ਪਤੀ ਕੁਲਵਿੰਦਰ ਸਿੰਘ ਵਿਦੇਸ਼ ਤੋਂ ਆਇਆ ਅਤੇ ਬੀਮਾ ਪਾਲਿਸੀ ਚੈੱਕ ਕਰਨ ਲਈ ਬੈਂਕ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਵਿਕਾਸ ਪੋਰਵਾਲ ਨੇ ਸਾਡੀ ਬੀਮਾ ਪਾਲਿਸੀ ਖਰਾਬ ਕਰ ਦਿੱਤੀ ਹੈ ਅਤੇ ਪੈਸੇ ਹੜੱਪ ਲਏ ਹਨ। ਜਿਸ ਦੀ ਜਾਂਚ ਬੈਂਕ ਦੇ ਮੈਨੇਜਰ ਵੱਲੋਂ ਵੀ ਕੀਤੀ ਗਈ। ਪਰ ਉਸ ਵੱਲੋਂ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਜਦੋਂ ਅਸੀਂ ਵਿਕਾਸ ਪੋਰਵਾਲ ਨਾਲ ਸੰਪਰਕ ਕੀਤਾ ਤਾਂ ਉਹ ਵੀ ਟਾਲ-ਮਟੋਲ ਕਰਦਾ ਰਿਹਾ ਅਤੇ ਸਾਡੇ ਪੈਸੇ ਵਾਪਸ ਨਹੀਂ ਕੀਤੇ। ਇਸ ਵਿਅਕਤੀ ਨੇ ਨੌਕਰੀ ਦੌਰਾਨ ਸਾਡੇ ਨਾਲ 2.40 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਜਾਂਚ ਡੀਐਸਪੀ ਹੈੱਡਕੁਆਰਟਰ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਬੀਮਾ ਏਜੰਟ ਵਿਕਾਸ ਪੋਰਵਾਲ ਵਾਸੀ ਸ਼ਾਸਤਰੀ ਨਗਰ, ਅਜੀਤਮੱਲ, ਜ਼ਿਲ੍ਹਾ ਔਰਈਆ, ਉੱਤਰ ਪ੍ਰਦੇਸ਼ ਅਤੇ ਮੌਜੂਦਾ ਵਾਸੀ ਵਿੰਡਸਰ ਪਾਰਕ, ਨੇੜੇ ਗੁਰਦੁਆਰਾ ਜਲੰਧਰ ਦੇ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।