ਜਗਰਾਉਂ, 13 ਜਨਵਰੀ ( ਵਿਕਾਸ ਮਠਾੜੂ, ਅਸ਼ਵਨੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਧੀਆਂ ਦੀ ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਸਕੂਲ ਦੇ ਖੁੱਲ੍ਹੇ ਮੈਦਾਨਾਂ ਵਿਚ ਪੂਰੇ ਰੀਤੀ-ਰਿਵਾਜ਼ ਨਾਲ ਧੂਣੀ ਬਾਲਦੇ ਹੋਏ ਤਿਲ ਸੁੱਟ ਕੇ ਈਸਰ ਆ ਦਲਿੱਦਰ ਜਾ ਦੀ ਤੁਕ ਬੋਲਦੇ ਹੋਏ ਮਨਾਇਆ ਗਿਆ। ਅਧਿਆਪਕਾਂ ਦੁਆਰਾ ਲੋਹੜੀ ਦਾ ਇਤਿਹਾਸ ਬੱਚਿਆਂ ਨਾਲ ਜਮਾਤਾਂ ਵਿਚ ਹੀ ਸਾਂਝਾ ਕੀਤਾ ਗਿਆ। ਬੱਚਿਆਂ ਨੂੰ ਮੂੰਗਫਲੀ, ਰਿਉੜੀਆਂ ਵੰਡੀਆਂ ਗਈਆਂ। ਬੱਚਿਆਂ ਵੱਲੋਂ ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਅਨੁਸ਼ਾਸਨ ਵਿਚ ਰਹਿ ਕੇ ਇਹ ਤਿਉਹਾਰ ਆਪਣੇ ਅਧਿਆਪਕਾਂ ਨਾਲ ਸਾਂਝਾ ਕੀਤਾ ਤੇ ਇਕ ਦੂਜੇ ਨੂੰ ਤਿਉਹਾਰ ਦੀ ਵਧਾਈ ਵੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪੂਰੇ ਸਮਾਜ ਨੂੰ ਇਸ ‘ਧੀਆਂ ਦੀ ਲੋਹੜੀ’ ਦੀ ਵਧਾਈ ਦੀ ਸਾਂਝ ਪਾਉਂਦੇ ਹੋਏ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਵੱਜੋਂ ਪਹੁੰਚੇ ਐਮ.ਐਲ.ਏ ਸਰਵਜੀਤ ਕੌਰ ਮਾਣੂੰਕੇ ਦਾ ਧੀਆਂ ਦੀ ਲੋਹੜੀ ਤੇ ਆਉਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਿਉਹਾਰ ਦੀ ਮਹੱਤਤਾ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂੰ ਹਾਂ। ਅੱਜ ਦੀ ਪੀੜ੍ਹੀ ਖਾਸ ਕਰ ਸਕੂਲੀ ਵਿਦਿਆਰਥੀਆਂ ਨੂੰ ਸਾਰੇ ਤਿੱਥ-ਤਿਉਹਾਰਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਦੀ ਸਾਂਝ ਪਾ ਕੇ ਜਾਣ ਤੇ ਸਾਡੇ ਤਿਉਹਾਰਾਂ ਦੀ ਮਹੱਤਤਾ ਰਹਿੰਦੀ ਦੁਨੀਆ ਤੱਕ ਬਰਕਰਾਰ ਰਹੇ। ਅਸੀਂ ਹਰ ਵਰ੍ਹੇ ਧੀਆਂ ਦੀ ਲੋਹੜੀ ਮਨਾਉਂਦੇ ਹਾਂ ਤਾਂ ਜੋ ਸਮਾਜ ਵਿਚ ਧੀਆਂ ਦੀ ਪਦਵੀਂ ਹਮੇਸ਼ਾ ਉੱਚੀ ਅਤੇ ਸੁੱਚੀ ਰਹੇ। ਇਸ ਮੌਕੇ ਬੱਚਿਆਂ ਵੱਲੋਂ ਆਪਣੇ ਅਧਿਆਪਕਾਂ ਨਾਲ ਇਸ ਤਿਉਹਾਰ ਨੂੰ ਮਨਾਉਣਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੱਚਦੇ-ਹੱਸਦੇ ਹੋਏ ਇਸ ਦਿਨ ਨੂੰ ਮਨਾਇਆ। ਮੁੱਖ ਮਹਿਮਾਨ ਨੇ ਵੀ ਧੀਆਂ ਦੀ ਲੋਹੜੀ ਮਨਾਉਣ ਤੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਕਿ ਇਸ ਪ੍ਰਕਾਰ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਮੁੰਡਿਆਂ ਦੀ ਲੋਹੜੀ ਮਨਾਉਣ ਦੀ ਰੀਤ ਨੂੰ ਤੁਸੀਂ ਇਸ ਤਿਉਹਾਰ ਨੂੰ ਮਨਾ ਕੇ ਬਰਾਬਰਤਾ ਦਿੱਤੀ ਹੈ। ਇਸ ਮੌਕੇ ਸਕੂਲ ਦੀ ਮੈਨੇਜ਼ਮੈਂਟ ਵਿਚੋਂ ਸੈਕਟਰੀ ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਪੂਰੇ ਬਲੌਜ਼ਮਜ਼ ਪਰਿਵਾਰ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।
