ਜਗਰਾਉਂ, 13 ਜਨਵਰੀ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਅੱਜ ਜਿੱਥੇ ਦੇਸ਼ ਭਰ ਵਿੱਚ ਲੋਹੜੀ ਦਾ ਪਵਿੱਤਰ ਤਿਉਹਾਰ ਨਵਜੰਮੇ ਬੱਚਿਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਬੱਚਿਆਂ ਨੂੰ ਇਸ ਦੁਨੀਆ ’ਚ ਪਹਿਲੀ ਕਿਲਕਾਰੀ ਲੈਣ ਦਾ ਮੌਕਾ ਵੀ ਨਹੀਂ ਦਿੰਦੇ। ਜਿਸ ਦੀ ਮਿਸਾਲ ਇੱਥੋਂ ਦੇ ਨਜਦੀਕ ਪਿੰਡ ਡੱਲਾ ਵਿੱਚ ਉਸ ਸਮੇਂ ਸਾਹਮਣੇ ਆਈ ਜਦੋਂ ਸ਼ੁੱਕਰਵਾਰ ਸਵੇਰੇ ਨਹਿਰ ਵਿੱਚੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ। ਜਦੋਂ ਪਿੰਡ ਦੇ ਲੋਕਾਂ ਨੇ ਨਵ ਜਨਮੇ ਬੱਚੇ ਦੀ ਲਾਸ਼ ਨਹਿਰ ਵਿਚ ਦੇਖੀ ਤਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਹਠੂਰ ਦੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪਿੰਡ ਦੇ ਤਰਲੋਚਨ ਸਿੰਘ ਪੁੱਤਰ ਨਿਰਮਲ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਜਿਸ ਬੱਚੇ ਦੀ ਲਾਸ਼ ਨਹਿਰ ’ਚੋਂ ਮਿਲੀ ਹੈ, ਉਹ ਕੁਝ ਸਮਾਂ ਪਹਿਲਾਂ ਹੀ ਪੈਦਾ ਹੋਇਆ ਜਾਪਦਾ ਸੀ। ਜਿਸ ਨੂੰ ਉਸਦੀ ਮਾਂ ਜਾਂ ਪਰਿਵਾਰਕ ਮੈਂਬਰਾਂ ਨੇ ਆਪਣਾ ਗੁਨਾਹ ਛੁਪਾਉਣ ਲਈ ਨਹਿਰ ਵਿੱਚ ਸੁੱਟ ਕੇ ਚਲੇ ਗਏ। ਨਹਿਰ ’ਚ ਸੁੱਟੀ ਲਾਸ਼ ਇਕ ਲੜਕੇ ਦੀ ਸੀ।