ਕੀ ਵਿਧਾਇਕ ਅਤੇ ਏ ਡੀ ਸੀ ਸ਼ਹਿਰ ਦੇ ਅੱਠ ਵੱਡੇ ਛੱਪੜ ਵੀ ਖਾਲੀ ਕਰਵਾ ਸਕਣਗੇ ?
ਜਗਰਾਓਂ, 16 ਜਨਵਰੀ ( ਵਿਕਾਸ ਮਠਾੜੂ, ਬੌਬੀ ਸਹਿਜਲ )-ਪੰਜਾਬ ਸਰਕਾਰ ਵੋਲੰ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ ਵੱਖ ਯੋਜਨਾਵਾਂ ਅਤੇ ਸਹੂਲਤਾਂ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਅਤੇ ਪਬਲਿਕ ਨੂੰ ਪੇਸ਼ ਆ ਰਹੀਆਂ ਮੁਸ਼ਿਕਲਾਂ ਦੇ ਹਲ ਲਈ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਏ.ਡੀ.ਸੀ ਅਨੀਤਾ ਦਰਸ਼ੀ ਦੀ ਅਗੁਵਾਈ ਹੇਠ ਸਥਾਨਕ ਕੋਠੇ ਪੋਨਾ ਦੇ ਰਸਤੇ ਤੇ ਮਿਊੰਸਪਲ ਪਾਰਕ ਵਿਚ ਨਾਗਰਿਕ ਜਾਗਰੂਕਤਾ ਅਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ ਸ਼ ਜਿਸ ਵਿਚ ਈਓ ਮਨੋਹਰ ਸਿੰਘ, ਪ੍ਰਧਾਨ ਜਤਿੰਦਰ ਪਾਲ ਰਾਣਾ ਤੋਂ ਇਲਾਵਾ ਨਗਰ ਕੌਂਸਿਲ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਕੌਂਸਲਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਵਾਰਡਾਂ ਤੋਂ ਪਹੁੰਚੇ ਲੋਕਾਂ ਵਲੋਂ ਸਾਫ ਪਾਣੀ, ਗੰਦਗੀ ਸਮੇਤ, ਨਜਾਇਜ ਕਬਜਿਆਂ ਅਤੇ ਹੋਰ ਮੁਸ਼ਿਕਲਾਂ ਸੰਬੰਧੀ ਵਿਧਾਇਕ ਮਾਣੂਕੇ ਅਤੇ ਏ ਡੀ ਸੀ ਨੂੰ ਜਾਣੂ ਕਰਵਾਇਆ। ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂਕੇ ਅਤੇ ਏ.ਡੀ.ਸੀ ਅਨੀਤਾ ਦਰਸ਼ੀ ਨੇ ਕਾਨੂੰਨ ਅਨੁਸਾਰ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਕਰਨ ਦੇ ਹੁਕਮ ਦਿਤੇ। ਇਸ ਮੌਕੇ ਮਨੋਹਰ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਨਜਾਇਜ਼ ਕਬਜਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਰਿਪੋਰਟ ਦੇਣ ਅਤੇ ਛੁੱਟੀ ਵਾਲੇ ਦਿਨ ਹੋਣ ਵਾਲੇ ਨਜਾਇਜ਼ ਕਬਜਿਆਂ ਨੂੰ ਰੋਕਣ ਲਈ ਇਕ ਟੀਮ ਗਠਿਤ ਕੀਤੀ ਗਈ ਹੈ।
ਕਿਸੇ ਸਮੇਂ ਸ਼ਹਿਰ ਵਿੱਚ 8 ਵੱਡੇ ਛੱਪੜ ਹੁੰਦੇ ਸਨ-ਪੁਰਾਣੇ ਸਮੇਂ ਤੋਂ ਪੂਰੇ ਸ਼ਹਿਰ ਦੇ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸ਼ਹਿਰ ਦੇ ਆਲੇ-ਦੁਆਲੇ 8 ਵੱਡੇ ਛੱਪੜ ਹੁੰਦੇ ਸਨ ਅਤੇ ਇਨ੍ਹਾਂ ਛੱਪੜਾਂ ਵਿੱਚ ਸ਼ਹਿਰ ਵਾਸੀਆਂ ਵਲੋਂ ਉਪਯੋਗ ਕੀਤਾ ਅਤੇ ਬਰਸਾਤੀ ਪਾਣੀ ਪਹੁੰਚਾਉਣ ਲਈ ਕਈ ਵੱਡੇ ਨਾਲੇ ਹੋਇਆ ਕਰਦੇ ਸਨ। ਜਿਨ੍ਹਾਂ ਰਾਹੀਂ ਬਰਸਾਤ ਦਾ ਪਾਣੀ ਅਤੇ ਲੋਕਾਂ ਦੇ ਘਰਾਂ ਦਾ ਪਾਣੀ ਛੱਪੜਾਂ ਵਿਚ ਜਾਂਦਾ ਸੀ। ਜਿਸ ਕਾਰਨ ਭਾਰੀ ਬਰਸਾਤ ਦੌਰਾਨ ਵੀ ਲੋਕਾਂ ਨੂੰ ਪਾਣੀ ਦੀ ਨਿਕਾਸੀ ਲਈ ਕਦੇ ਵੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਸਿਆਸੀ ਲੋਕਾਂ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਉਨ੍ਹਾਂ ਸਾਰੇ ਛੱਪੜਾਂ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਅਤੇ ਲੋਕਾਂ ਵੱਲੋਂ ਉਨ੍ਹਾਂ ਵਿਚ ਰਿਹਾਇਸ਼ੀ ਮਕਾਨ ਅਤੇ ਵਪਾਰਕ ਦੁਕਾਨਾਂ ਉਸਾਰ ਦਿੱਤੀਆਂ ਗਈਆਂ। ਜਿਸਤੋਂ ਨਜਾਇਜ ਕਬਜਾ ਕਰਨ ਵਾਲੇ ਲੋਕ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਹਨ। ਇਸ ਸਮੇਂ ਸ਼ਹਿਰ ਵਿੱਚ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਗਈ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਸ਼ਹਿਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦਾ ਹੈ।
ਹਰ ਸਾਲ ਕਰੋੜਾਂ ਦਾ ਨੁਕਸਾਨ-ਸ਼ਹਿਰ ਦੇ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਸਥਾਨਕ ਕਮਲ ਚੌਕ, ਝਾਂਸੀ ਰਾਣੀ ਚੌਕ, ਪੁਰਾਣੀ ਸਬਜ਼ੀ ਮੰਡੀ ਚੌਕ, ਪੁਰਾਣੀ ਅਨਾਜ ਮੰਡੀ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਹਿੱਸੇ ਵੀ ਪਾਣੀ ਵਿਚ ਡੁੱਬ ਜਾਂਦੇ ਹਨ। ਜਿਸ ਕਾਰਨ ਪੁਰਾਣੀ ਅਨਾਜ ਮੰਡੀ ਅਤੇ ਕਮਲ ਚੌਕ ਦੇ ਇਲਾਕੇ ਵਿੱਚ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਅਨਾਜ ਮੰਡੀ ਵਿੱਚ ਵਿਕਰੀ ਲਈ ਲਿਆਂਦੀ ਫ਼ਸਲ ਵੀ ਅਕਸਰ ਬਰਸਾਤ ਦੇ ਪਾਣੀ ਵਿੱਚ ਡੁੱਬ ਜਾਂਦੀ ਹੈ। ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦਾ ਭਾਰੀ ਨੁਕਸਾਨ ਹੁੰਦਾ ਹੈ। ਪਹਿਲਾਂ ਸ਼ਹਿਰ ਦੇ ਆਲੇ-ਦੁਆਲੇ ਵੱਡੇ-ਵੱਡੇ ਛੱਪੜਾਂ ਅਤੇ ਨਾਲਿਆਂ ਰਾਹੀਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਂਦਾ ਸੀ ਅਤੇ ਕੋਈ ਨੁਕਸਾਨ ਨਹੀਂ ਹੁੰਦਾ ਸੀ, ਪਰ ਹੁਣ ਪਾਣੀ ਦੀ ਨਿਕਾਸੀ ਦਾ ਮੁੱਖ ਸਰੋਤ ਸ਼ਹਿਰ ਵਾਸੀਆਂ ਨੂੰ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਆ ਗਿਆ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਸਾਲ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ।