ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਜਦੋਂ ਸਰਕਾਰ ਕਿਸੇ ਵੀ ਮਾਮਲੇ ਨੂੰ ਲੈ ਕੇ ਸਖਤ ਸਟੈਂਡ ਲੈਂਦੀ ਹੈ ਤਾਂ ਉਸ ਕਾਰੋਬਾਰ ’ਚ ਕੋਈ ਰੁਕਾਵਟ ਨਹੀਂ ਆਉਂਦੀ ਸਗੋਂ ਕੀਮਤਾਂ ਕਈ ਗੁਣਾ ਵਧ ਜਾਂਦੀਆਂ ਹਨ। ਭ੍ਰਿਸ਼ਟਾਚਾਰ ਖਿਲਾਫ ਲੜਾਈ ਸ਼ੁਰੂ ਕਰਨ ਦਾ ਮਾਮਲਾ ਹੋਵੇ, ਰੇਤ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ, ਨਸ਼ਿਆਂ ਦੇ ਸਬੰਧ ਜਾਂ ਫਿਰ ਹੁਣ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਕਾਰਵਾਈ ਲਈ ਸਰਕਾਰ ਦੀਆਂ ਹਦਾਇਤਾਂ ਹੋਣ। ਇਨ੍ਹਾਂ ਸਭ ਮਾਮਲਿਆਂ ਵਿਚ ਇਕ ਵਾਰ ਰੋਕ ਲੱਗਣ ਤੋਂ ਬਾਅਦ ਸਭ ਮਾਮਲਿਆਂ ਵਿਚ ਕੀਮਤ ਵਸੂਲੀ ਵਿਚ ਭਾਰੀ ਵਾਧਾ ਹੁੰਦਾ ਰਿਹਾ। ਜਦੰ ਰੇਤ ਦੀ ਕਾਲਾਬਾਜਾਰੀ ਰੋਕਣ ਲਈ ਸਖਤ ਕਦਮ ਉਠਾਏ ਗਏ ਤਾਂ ਰੇਤਦੀਆਂ ਕੀਮਤਾਂ ਆਸਮਾਨ ਛੂਹ ਗਈਆਂ। ਜਦੋਂ ਨਸ਼ੇ ਖਿਲਾਫ ਜੰਗ ਸ਼ੁਰੂ ਹੋਈ ਤਾਂ ਪੁਲਿਸ ਦੇ ਹੱਥ ਇਕ ਵੀ ਵਡੀ ਮੱਛੀ ਨਹੀਂ ਆਈ ਪਰ ਛੋਟੀ-ਛੋਟੀ ਪੁੜੀਆਂ ਵਿਚ ਨਸ਼ਾ ਵੇਚਣ ਵਾਲਿਆਂ ਦੀ ਭਰਮਾਰ ਹੋ ਗਈ। ਜਦੋਂ ਕਚਿਹਰੀਆਂ ਵਿਚ ਹੋਣ ਵਾਲੇ ਕੰਮਾਂ ਤੇ ਨਜ਼ਰ ਦੌੜਾਓ ਤਾਂ ਪਤਾ ਚੱਲਦਾ ਹੈ ਕਿ ਉਥੇ ਸਰਕਾਰ ਦੀ ਸਖਤੀ ਤੋਂ ਬਾਅਦ ਪਬਲਿਕ ਦੇ ਕੰਮਾਂ ਵਿਚ ਅਚਾਨਕ ਰੋਕ ਲੱਗ ਗਈ। ਫਿਰ ਹੌਲੀ ਹੌਲੀ ਦਲਾਲਾਂ ਨੇ ਕਮਾਨ ਸੰਭਾਲੀ ਅਤੇ ਜੋ ਕੰਮ ਪੰਜ ਸੱਤ ਸੌ ਚ ਹੁੰਦਾ ਸੀ ਉਹ ਹਜਾਰਾਂ ਰੁਪਏ ਵਿਚ ਪਹੁੰਚ ਗਿਆ। ਇਸੇ ਤਰ੍ਹਾਂ ਨਾਲ ਚਾਇਨਾਂ ਡਡੋਰ ਦਾ ਮਾਮਲਾ ਹੈ। ਹੁਣ ਪ੍ਰਸ਼ਾਸਨ ਜਦੋਂ ਸਖਤ ਹੋਇਆ ਤਾਂ ਚਾਈਨਾ ਡੋਰ ਦੀ ਕੀਮਤ ’ਚ ਕਈ ਗੁਣਾ ਵਾਧਾ ਹੋ ਗਿਆ। ਚਾਈਨਾ ਡੋਰ ਦੇ ਮਾਮਲੇ ’ਚ ਸਰਕਾਰ ਨੇ ਸਖਤ ਰਵੱਈਆ ਦਿਖਾਉਂਦੇ ਹੋਏ ਪੁਲਸ ਪ੍ਰਸ਼ਾਸਨ ਨੂੰ ਚਾਈਨਾ ਡੋਰ ਨਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤਹਿਤ ਪੁਲਿਸ ਨੇ ਵੱਡੇ ਪੱਧਰ ’ਤੇ ਚਾਈਨਾ ਡੋਰ ਵੇਚਣ ਵਾਲੇ ਵਪਾਰੀਆਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਕਿ ਕੋਈ ਵੱਡਾ ਵਪਾਰੀ ਪੁਲਿਸ ੇ ਹਥ ਨਹੀਂ ਆਇਆ ਪਰ ਬਹੁਤ ਛੋਟੇ ਦੁਕਾਨਦਾਰ ਪੁਲਿਸ ਦੇ ਹੱਥ ਆ ਰਹੇ ਹਨ। ਪੁਲਿਸ ਜਦੋਂ ਛੋਟੇ ਦੁਕਾਨਦਾਰਾਂ ਨੂੰ ਪਰੜਦੀ ਹੈ ਤਾਂ ਇਹ ਕਿਉਂ ਨਹੀਂ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਉਹ ਛੋਟੇ ਦੁਕਾਨਦਾਰ ਕਿਹੜੇ ਵੱਡੇ ਵਪਾਰੀ ਤੋਂ ਚਾਇਨਾ ਡੋਰ ਖਰੀਦ ਕੇ ਲਿਆਉਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰਾਂ ਵਿਚ ਚਾਈਨਾ ਡੋਰ ਦੀ ਧੜ੍ਹੱਲੇ ਨਾਲ ਵਿਕਰੀ ਹੋ ਰਹੀ ਹੈ। .ਫਰਕ ਸਿਰਫ ਇੰਨਾ ਹੈ ਕਿ ਜਿਹੜੇ ਦੁਕਾਨਦਾਰ ਖੁੱਲੇ ਵਿੱਚ ਚਾਈਨਾ ਡੋਰ ਵੇਚਦੇ ਸਨ, ਉਹਨਾਂ ਨੇ ਉੱਠਾ ਕੇ ਅੰਦਰ ਰੱਖ ਲਈ ਹੈ ਅਤੇ ਜਦੋਂ ਕੋਈ ਗਾਹਕ ਚਾਈਨਾ ਡੋਰ ਦੀ ਮੰਗ ਕਰਦਾ ਹੈ ਤਾਂ ਇਹ ਕਈ ਗੁਣਾ ਵੱਧ ਰੇਟ ਤੇ ਵੇਚੀ ਜਾਂਦੀ ਹੈ। ਚਾਇਨਾ ਡੋਰ ਦੀ ਇਕ ਚਰਖੜੀ ਛੋਟੇ ਦੁਕਾਨਦਾਰ ਨੂੰ ਡੇਢ ਸੌ ਰੁਪਏ ਤੋਂ ਵੀ ਘੱਟ ਕੀਮਤ ਤੇ ਮਿਲਦੀ ਹੈ ਪਰ ਪੁਲਿਸ ਦੀ ਸਖਤੀ ਹੋਣ ਨਾਲ ਹੁਣ ਉਹ8ੀ ਚਰਖੜੀ 800 ਤੋਂ 1000 ਤੱਕ ਵੇਚੀ ਜਾਂਦੀ ਹੈ। ਇਸ ਧੰਦੇ ਨਾਲ ਜੁੜੇ ਦੁਕਾਨਦਾਰਾਂ ਵਲੋਂ ਬੇਸ਼ੱਕ ਖੁੱਲ੍ਹੇਆਮ ਡੋਰ ਵੇਚਣਾ ਬੰਦ ਕਰ ਦਿੱਤਾ ਹੈ ਪਰ ਉਹ ਪਹਿਲਾਂ ਨਾਲੋਂ ਜ਼ਿਆਦਾ ਕਮਾਈ ਕਰ ਰਹੇ ਹਨ। ਇਸ ਤਰ੍ਹਾਂ ਹੀ ਆਮ ਤੌਰ ’ਤੇ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਪੁਲਸ ਕਿਸੇ ਵੀ ਇਲਾਕੇ ਦੇ 20 ਦੁਕਾਨਦਾਰਾਂ ਦੀ ਚੋਣ ਕਰ ਲੈਂਦੀ ਹੈ। ਜਿੱਥੇ ਚਾਈਨਾ ਡੋਰ ਵਿਕਦੀ ਹੈ ਤਾਂ ਛਾਪਾਮਾਰੀ ਕਰਨ ’ਤੇ ਪੁਲਿਸ ਦੇ ਹੱਥ ਸਿਰਫ 2 ਜਾਂ 3 ਲੋਕ ਹੀ ਆਉਂਦੇ ਹਨ, ਉਹ ਵੀ ਛੋਟੇ ਦੁਕਾਨਦਾਰ । ਬਾਕੀ ਲੋਕ ਚਾਇਨਾ ਡੋਰ ਕਿੱਥੇ ਛੁਪਾਉਂਦੇ ਹਨ , ਪੁਲਿਸ ਦੇ ਹੱਥ ਕਿਉਂ ਨਹੀਂ ਆਉਦੇ ? ਬੱਚੇ ਆਪਣੇ ਮਾਂ ਬਾਪ ਨੂੰ ਦੁਕਾਨਦਾਰ ਤੋਂ ਚਾਇਨਾ ਡੋਰ ਖਰੀਦ ਕੇ ਦੇਣ ਲਈ ਮਜਬੂਰ ਲਕਰਦੇ ਹਨ ਤਾਂ ਦੁਕਾਨਦਾਰ ਉਨ੍ਹਾਂ ਦੀ ਮਜਬੂਰੀ ਦਾ ਲਾਭ ਲੈਂਦੇ ਹੋਏ ਮੋਟੀ ਕਮਾਈ ਕਰਦੇ ਹਨ ਅਤੇ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਜੇ ਲੈਣੀ ਹੈ ਤਾਂ ਫਟਾ ਫਟ ਕਰੋ। ਰੇਟ ਘੱਟ ਨਹੀਂ ਹੋਵੇਗਾ। ਅਜਿਹੇ ’ਚ ਦੁਕਾਨਦਾਰ ਡੇਢ ਸੌ ਰੁਪਏ ਦੀ ਚਰਖੜੀ ਦੇ ਹੀ 800 ਰੁਪਏ ਵਸੂਲਦੇ ਹਨ। ਇਸ ਲਈ ਚਾਇਨਾ ਡੋਰ ਦੇ ਮਾਮਲੇ ਵਿਚ ਸਰਕਾਰ ਅਤੇ ਪ੍ਰਸਾਸ਼ਨ ਨੂੰ ਸਖਤ ਸਟੈਂਡ ਲੈਂਦੇ ਹੋਏ ਵੱਡੇ ਵਪਾਰੀਆਂ ਤੱਕ ਪਹੁੰਚਣਾ ਹੋਵੇਗਾ ਅਤੇ ਪਾਰਦਰਸ਼ਤਾ ਨਾਲ ਕਾਰਵਾਈ ਕਰਨੀ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰਨਾਂ ਮਾਮਲਿਆਂ ਵਾਂਗ ਹੀ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ।
ਹਰਵਿੰਦਰ ਸਿੰਘ ਸੱਗੂ ।