ਪੰਜਾਬ ਦੇ ਫਰੀਦਕੋਟ ਦੀ ਮਨਸੂਰਵਾਲਾ ਖੇਤਰ ’ਚ ਚੱਲ ਰਹੀ ਸ਼ਰਾਬ ਦੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੱਲੇ ਲੰਬਾ ਸਮਾਂ ਧਰਨਾ ਪ੍ਰਦਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਕਟਰੀ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿਤੇ। ਵਿਰੋਧੀ ਪਾਰਟੀਆਂ ਵਲੋਂ ਇਸ ਗੱਲ ’ਤੇ ਵੀ ਪੰਜਾਬ ਸਰਕਾਰ ਨੂੰ ਹਰਲਪਾਸੇ ਤੋਂ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਵਿਰੋਧੀ ਪਾਰਟੀਆਂ ਵਲੋਂ ਇਹ ਕਿਹਾ ਗਿਆ ਕਿ ਸਰਕਾਰ ਨੇ ਇਹ ਫੈਸਲਾ ਅਦਾਲਤ ’ਚ ਚੱਲ ਰਹੇ ਮਾਮਲੇ ਦੇ ਚੱਲਦਿਆਂ ਅਦਾਲਤ ਵੱਲੋਂ ਸੰਭਾਵਿਤ ਟਿੱਪਣੀਆਂ ਤੋਂ ਬਚਣ ਲਈ ਤਰੀਕ ਤੋਂ ਪਹਿਲਾਂ ਲਿਆ ਗਿਆ ਹੈ। ਕੁਝ ਲੋਕ ਇਹ ਕਹਿ ਰਹੇ ਹਨ ਕਿ ਇਸ ਇਲਾਕੇ ਦੇ ਸੰਸਦ ਮੈਂਬਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਸਰਕਾਰ ਨੇ ਇਥੇ ਜਲਦੀ ਹੀ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਲਾਹਾ ਲੈਣ ਦੀ ਇੱਛਾ ਨਾਲ ਇਸ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀਆਂ ਇਨ੍ਹਾਂ ਗੱਲਾਂ ਵਿਚ ਕਿੰਨੀ ਸੱਚਾਈ ਹੈ ਉਹ ਤਾਂ ਅੱਗੇ ਭਵਿੱਖ ਵਿਚ ਹੀ ਪਤਾ ਚੱਲ ਪਾਏਗਾ ਪਰ ਇਲਾਕੇ ਵਿਚ ਬੇ-ਹੱਦ ਪ੍ਰਦੂਸ਼ਣ ਫੈਲਾ ਰਹੀ ਅਤੇ ਧਰਤੀ ਹੇਠਲੇ ਪਾਣੀ ਤੱਕ ਨੂੰ ਦੂਸ਼ਿਤ ਕਰ ਰਹੀ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਿਸੇ ਤਰ੍ਹਾਂ ਦੇ ਵਿਰੋਧ ਕਰਨ ਅਤੇ ਅਦਾਲਤ ਵਿਚ ਜਾਣ ਦੀ ਲੋੜ ਨਹੀਂ ਚਾਹੀਦੀ ਸੀ, ਪਰ ਇਸ ਨੂੰ ਬੰਦ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਸੀ। ਹਾਲਾਂਕਿ ਇਹ ਫੈਕਟਰੀ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲ ਰਹੀ ਸੀ ਅਤੇ ਇਹ ਵੀ ਸੰਭਵ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਸਾਰ ਹੀ ਦੂਸ਼ਿਤ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਫਿਰ ਇਹ ਪਾਣੀ ਧਰਤੀ ਵਿਚ ਹੇਠਲੇ ਲੈਵਲ ਤੱਕ ਦੂਸ਼ਿਤ ਕੈਮੀਕਲਾਂ ਨਾਲ ਪੂਰੀ ਤਰ੍ਹਾਂ ਭਰ ਗਿਆ। ਉਸ ਤੋਂ ਬਾਅਦ ਇਹ ਜ਼ਮੀਨ ਦੇ ਉੱਪਰ ਆਉਣਾ ਸ਼ੁਰੂ ਹੋ ਗਿਆ। ਇਸ ਲਈ ਇਸਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਮੌਜੂਦਾ ਪੰਜਾਬ ਸਰਕਾਰ ਦੇ ਨਾਲ ਨਾਲ ਪਿਛਲੇ ਸਮਿਆਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਇਹ ਫੈਕਟਰੀ ਲਗਾਉਣ ਦੀ ਇਜਾਜਤ ਦਿਤੀ ਅਤੇ ਫੈਕਟਰੀ ਮਾਲਕਾਂ ਨੂੰ ਧਰਤੀ ਹੇਠਲਾ ਪਾਣੀ ਦੂਸ਼ਿਤ ਕਰਨ ਦਿੱਤਾ ਅਤੇ ਪਤਾ ਲੱਗਣ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਇਹ ਫੈਕਟਰੀ ਬੰਦ ਹੋਣ ਜਾ ਰਹੀ ਹੈ ਤਾਂ ਇਸ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਹੁਣ ਸਾਨੂੰ ਇਸ ਤੋਂ ਅੱਗੇ ਸੋਚਣਾ ਚਾਹੀਦਾ ਹੈ ਕਿ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਤਾਂ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ, ਪਰ ਜੋ ਪ੍ਰਦੂਸ਼ਣ ਕਿਸਾਨਾਂ ਵਲੋਂ ਖੇਤਾਂ ਵਿਚ ਫਸਲਾਂ, ਸਬਜ਼ੀਆਂ ਤੇ ਪੈਸਟੀਸਾਇਡ ਦਾ ਛਿੜਕਾਅ ਕਰਕੇ ਕਈ ਦਹਾਕਿਆਂ ਤੋਂ ਫੈਲਾਇਆ ਜਾ ਰਿਹਾ ਹੈ ਉਸ ਨੂੰ ਰੋਕਣ ਲਈ ਧਰਨਾ ਕੌਣ ਦੇਵੇਗਾ ? ਪਿਛਲੇ ਕਈ ਦਹਾਕਿਆਂ ਤੋਂ ਖੇਤਾਂ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਪੰਜਾਬ ਵਿੱਚ ਅਸੀਂ ਹਰ ਪ੍ਰਕਾਰ ਦਾ ਅੰਨ ਅਤੇ ਫਲ, ਸਬਜ਼ੀਆਂ ਜਹਿਰ ਵਾਲੀਆਂ ਖਾ ਰਹੇ ਹਾਂ। ਜਿਸ ਨਾਲ ਭਿਆਨਕ ਬਿਮਾਰੀਆਂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਸਿਰਫ ਇਕ ਸ਼ਰਾਬ ਦੀ ਫੈਕਟਰੀ ਬੰਦ ਹੋਣ ਨਾਲ ਧਰਤੀ ਹੇਠਲਾ ਪਾਣੀ ਜਾਂ ਵਾਤਾਵਰਣ ਦੂਸ਼ਿਤ ਹੋਣ ਤੋਂ ਨਹੀਂ ਬਚੇਗਾ। ਇਸ ਲਈ ਵੱਡੀਆਂ ਫੈਕਟਰੀਆਂ ਦੇ ਪ੍ਰਦੂਸ਼ਣ ਪ੍ਰਣਾਲੀ ਦੀ ਵੀ ਸਮੀਖਿਆ ਕਰਨੀ ਪਵੇਗੀ ਅਤੇ ਕਿਸਾਨਾਂ ਵੱਲੋਂ ਹਰ ਸਾਲ ਫਸਲਾਂ ’ਤੇ ਛਿੜਕਿਆ ਜਾਂਦਾ ਕੀਟਨਾਸ਼ਕ ਵੀ ਵਾਤਾਵਰਣ, ਜੀਵ ਜੰਤੂਆਂ ਅਤੇ ਮਨੁੱਖਾਂ ਲਈ ਵੱਡਾ ਖਤਰਾ ਹੈ। ਅੱਜ ਅਸੀਂ ਸਾਰੇ ਫਲ, ਦਾਲਾਂ, ਸਬਜ਼ੀਆਂ, ਅੰਨ ਕੀਟਨਾਸ਼ਕ ਛਿੜਕਾਅ ਵਾਲਾ ਖਾਂਦੇ ਹਾਂ। ਸਰਕਾਰ ਨੂੰ ਇਨ੍ਹਾਂ ਸਾਰੇ ਪਹਿਲੂਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਖੁਦ ਵੀ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਪੈਸਟੀਸਾਇਡ ਦੀ ਵਰਤੋਂ ਦੀ ਰੋਕਥਾਮ ਕਰਨ ਦੀ ਲੋੜ ਹੈ। ਇਸ ਬਾਰੇ ਚਰਚਾ ਕਰਨ ਦੀ ਲੋੜ ਹੈ ਕਿ ਫਸਲਾਂ ਤੇ ਕੀਟਨਾਸ਼ਕਾਂ ਦੀ ਮਾਤਰਾ ਕਿਵੇਂ ਘਟਾਈ ਜਾਵੇ ਤਾਂ ਜੋ ਅਜਿਹਾ ਪ੍ਰਦੂਸ਼ਣ ਪੈਦਾ ਨਾ ਹੋਵੇ ਜੋ ਹਰ ਕਿਸੇ ਦੀ ਸਿਹਤ ਲਈ ਹਾਨੀਕਾਰਕ ਹੋਵੇ।
ਹਰਵਿੰਦਰ ਸਿੰਘ ਸੱਗੂ।