ਮੇਰੀ ਤਾਂ ਨਗਰ ਕੌਂਸਲ ਵਿਚ ਕੋਈ ਨਹੀਂ ਸੁਣਦਾ-ਕੌਂਸਲਰ ਸਹੋਤਾ
ਜਗਰਾਉਂ, 20 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਸਥਾਨਕ ਅਗਵਾੜ ਰਾੜਾ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਇਲਾਕੇ ਵਿੱਚ ਵਾਰਡ ਨੰਬਰ 7 ਅਤੇ ਵਾਰਡ ਨੰਬਰ 10 ਦਾ ਇਲਾਕਾ ਆਉਂਦਾ ਹੈ ਅਤੇ ਦੋਵਾਂ ਵਾਰਡਾਂ ਦੇ ਦੋ ਕੌਂਸਲਰ ਇੱਕ ਹੀ ਇਲਾਕੇ ਵਿੱਚ ਚੁਣੇ ਹੋਏ ਹਨ। ਇਸ ਦੇ ਬਾਵਜੂਦ ਪਿਛਲੇ 15 ਦਿਨਾਂ ਤੋਂ ਇਲਾਕੇ ਵਿੱਚ ਨਗਰ ਕੌਂਸਲ ਵੱਲੋਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਰਾਹੀਂ ਇਲਾਕੇ ਵਿਚ ਬੇ-ਹੱਦ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਗੰਦਾ ਅਤੇ ਬਦਬੂਦਾਰ ਹੈ। ਇਹ ਪਾਣੀ ਪੀਣਾ ਤਾਂ ਦੂਰ ਦੀ ਗੱਲ ਹੈ ਬਲਕਿ ਕਿਸੇ ਹੋਰ ਤਰੀਕੇ ਨਾਲ ਵੀ ਵਰਤਣ ਦੇ ਯੋਗ ਨਹੀਂ ਹੈ। ਮੁਹੱਲਾ ਨਿਵਾਸੀ ਪ੍ਰਧਾਨ ਪ੍ਰੇਮ ਸਿੰਘ, ਪੂਰਨ ਸਿੰਘ ਫੌਜੀ, ਪ੍ਰਭਜੋਤ ਸਿੰਘ ਰਾਏ, ਨਿਰਮਲ ਸਿੰਘ ਰਾਏ, ਮਲਕੀਤ ਸਿੰਘ, ਨਛੱਤਰ ਸਿੰਘ, ਰਣਜੋਧ ਸਿੰਘ ਅਤੇ ਜੱਸਾ ਆਦਿ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਨਗਰ ਕੌਂਸਲ ਵੱਲੋਂ ਉਨ੍ਹਾਂ ਦੇ ਇਲਾਕੇ ਵਿੱਚ ਬਹੁਤ ਹੀ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਹ ਵਾਰਡ ਨੰ 7 ਦੇ ਕੌਂਸਲਰ ਰਮੇਸ਼ ਕੁਮਾਰ ਉਰਫ਼ ਮੇਸ਼ੀ ਸਹੋਤਾ ਅਤੇ ਵਾਰਡ ਨੰ: 10 ਦੀ ਕੌਂਸਲਰ ਪਰਮਿੰਦਰ ਕੌਰ ਕਲਿਆਣ ਨੂੰ ਮਿਲੇ ਅਤੇ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਬੇਨਤੀ ਕੀਤੀ। ਪਰ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਸਮਝੀ। ਇਥੋਂ ਤੱਕ ਕਿ ਉਹ ਮੁਹੱਲਾ ਨਿਵਾਸੀਆਂ ਦਾ ਫ਼ੋਨ ਵੀ ਅਟੈਂਡ ਕਰਨ ਦੀ ਜਰੂਰਤ ਨਹੀਂ ਸਮਝਦੇ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨਗਰ ਕੌਸਲ ਵਿਖੇ ਪਹੁੰਚ ਕੇ ਕਾਰਜਸਾਧਕ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਇੱਕ ਮੁਲਾਜ਼ਮ ਨੂੰ ਮੌਕੇ ’ਤੇ ਭੇਜਿਆ ਅਤੇ ਖ਼ੁਦ ਵੀ ਜਾਇਜ਼ਾ ਲੈਣ ਆਏ। ਪਰ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੂੰ ਨਗਰ ਕੌਂਸਲ ਅਤੇ ਕੌਂਸਲਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ।
ਇਲਾਕੇ ਵਿੱਚ ਪਸ਼ੂਆਂ ਦੀਆਂ ਦੋ ਵੱਡੀਆਂ ਡੇਅਰੀਆਂ ਹਨ-ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪਸ਼ੂਆਂ ਦੀਆਂ ਦੋ ਵੱਡੀਆਂ ਡੇਅਰੀਆਂ ਹਨ। ਜਿਨਾਂ ਦੇ ਸੰਚਾਲਕ ਆਪਣੇ ਪਸ਼ੂਆਂ ਦਾ ਗੋਹਾ ਸੀਵਰੇਜ ਵਿੱਚ ਪਾਉਂਦੇ ਹਨ ਅਤੇ ਉਸ ਗੋਹੇ ਕਾਰਨ ਅਕਸਰ ਸੀਵਰੇਜ ਜਾਮ ਹੋ ਜਾਂਦਾ ਹੈ ਅਤੇ ਇਲਾਕੇ ਦੀਆਂ ਨਾਲੀਆਂ ਉੱਪਰ ਤੱਕ ਗੰਦਗੀ ਨਾਲ ਭਰੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦਾ ਉਪਯੋਗ ਹੋਇਆ ਪਾਣੀ ਭੱਦਰਕਾਲੀ ਮੰਦਿਰ ਨੇੜੇ ਬਣੇ ਵੱਡੇ ਨਾਲੇ ਵਿੱਚ ਜਾਂਦਾ ਹੈ। ਪਰ ਉਹ ਨਾਲਾ ਗੰਦਗੀ ਨਾਲ ਭਰਿਆ ਪਿਆ ਹੈ ਅਤੇ ਗੋਹਾ ਵੀ ਉਪਰ ਤੱਕ ਪਹੁੰਚ ਗਿਆ ਹੈ। ਜਿਸ ਕਾਰਨ ਪਾਣੀ ਦਾ ਵਹਾਅ ਰੁਕ ਜਾਂਦਾ ਹੈ ਅਤੇ ਇਲਾਕੇ ਵਿੱਚ ਗੰਦਗੀ ਫੈਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਨਗਰ ਕੌਸਲ ਨੂੰ ਇਸ ਦਾ ਹੱਲ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਇਲਾਕੇ ਦੀਆਂ ਨਾਲੀਆਂ ਦੀ ਗੰਦਗੀ ਤਾਂ ਸਫ਼ਾਈ ਕਰਵਾ ਦਿੱਤੀ ਪਰ ਨਗਰ ਕੌਸਲ ਦੇ ਕਰਮਚਾਰੀ ਨਾਲੀਆਂ ’ਚੋਂ ਕੱਢਿਆ ਹੋਇਆ ਕੂੜਾ ਚੁੱਕਣ ਲਈ ਨਹੀਂ ਆਉਂਦੇ, ਜਿਸ ਨਾਲ ਮੁੜ ਉਹੀ ਕੂੜਾ ਨਾਲੀਆਂ ਵਿਚ ਚਲਾ ਜਾਂਦਾ ਹੈ ਅਤੇ ਗੰਦਗੀ ਭਰ ਜਾਂਦੀ ਹੈ।
ਕੀ ਕਹਿਣਾ ਹੈ ਈ.ਓ ਦਾ- ਇਸ ਸਬੰਧੀ ਨਗਰ ਕੌਸਲ ਦੇ ਈ.ਓ ਮਨੋਹਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਰਡ ਨੰ: 7 ਅਤੇ 10 ’ਚ ਗੰਦੇ ਪਾਣੀ ਦੀ ਸਮੱਸਿਆ ਦਾ ਜਲਦ ਹੀ ਹੱਲ ਕੀਤਾ ਜਾਵੇਗਾ ਅਤੇ ਉਸ ਇਲਾਕੇ ’ਚ ਚੱਲ ਰਹੀਆਂ ਪਸ਼ੂ ਡੇਅਰੀਆਂ ਦੇ ਸੰਚਾਲਕਾਂ ਨੂੰ ਵੀ ਨੋਟਿਸ ਭੇਜੇ ਜਾ ਰਹੇ ਹਨ।
ਕੀ ਕਹਿਣਾ ਹੈ ਕੌਂਸਲਰ ਦਾ- ਇਸ ਸਬੰਧੀ ਵਾਰਡ ਨੰਬਰ 7 ਦੇ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਨ੍ਹਾਂ ਦੀ ਸੁਣਵਾਈ ਹੋ ਜਾਂਦੀ ਸੀ। ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਨਗਰ ਕੌਂਸਲ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੈ। ਅਪਣੇ ਵਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਉਹ ਖੁਦ ਅਧਿਕਾਰੀਆਂ ਨੂੰ ਸੂਚਿਤ ਕਰਦੇ ਹਨ ਅਤੇ ਸਮੱਸਿਆ ਦੇ ਹੱਲ ਲਈ ਕਹਿੰਦੇ ਹਨ ਪਰ ਉਥੇ ਉਨ੍ਹਾਂ ਦੀ ਕੋਈ ਨਹੀਂ ਸੁਣਦਾ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਵਾਰਡ ਵਿੱਚ ਕਿਹੜੇ-ਕਿਹੜੇ ਸਫਾਈ ਕਰਮਚਾਰੀ ਤਾਇਨਾਤ ਹਨ। ਉਨ੍ਹਾਂ ਕਈ ਵਾਰ ਨਗਰ ਕੌਸਲ ਦੇ ਅਧਿਕਾਰੀਆਂ ਤੋਂ ਆਪਣੇ ਵਾਰਡ ’ਚ ਲੱਗੇ ਸਫ਼ਾਈ ਕਰਮਚਾਰੀਆਂ ਦੀ ਸੂਚੀ ਮੰਗੀ ਪਰ ਉਨ੍ਹਾਂ ਨੂੰ ਸਫ਼ਾਈ ਕਰਮਚਾਰੀਆਂ ਦੀ ਸੂਚੀ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ।

