ਜਗਰਾਓਂ , 20 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )-ਖਪਤਕਾਰ ਦੀ ਫਰਜ਼ੀ ਲੜਕੀ ਦੱਸ ਕੇ ਇਕ ਪ੍ਰਾਈਵੇਟ ਕੰਪਨੀ ਦੀ ਬੀਮਾ ਪਾਲਿਸੀ ਤੋਂ 6.70 ਲੱਖ ਦੀ ਰਕਮ ਹੜੱਪਣ ਦੇ ਦੋਸ਼ ਹੇਠ ਥਾਣਾ ਸਿਟੀ ਜਗਰਾਉਂ ਵਿਖੇ 5 ਵਿਅਕਤੀਆਂ ਖਿਲਾਫ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਦੇ ਏ.ਐਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਪ੍ਰੀਤਮ ਕੌਰ ਵਾਸੀ ਧਾਲੀਵਾਲ ਵਾਸੀ ਕੋਠੇ ਸ਼ੇਰਜੰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਉਸਨੇ ਸਾਲ 2007 ਵਿੱਚ ਆਪਣੀ ਪੋਤੀ ਗੁਰਲੀਨ ਕੌਰ ਦੇ ਨਾਮ ’ਤੇ ਮੈਕਸ ਲਾਈਫ ਇੰਸ਼ੋਰੈਂਸ ਕੰਪਨੀ ਵਿੱਚ ਪਾਲਿਸੀ ਕਰਵਾਈ ਸੀ। ਇਸ ਦੌਰਾਨ ਉਹ ਵਿਦੇਸ਼ ਚਲੀ ਗਈ ਪਰ ਸਮੇਂ ਸਿਰ ਕਿਸ਼ਤਾਂ ਅਦਾ ਕਰਦੇ ਰਹੇ। ਜਦੋਂ ਉਹ 2022 ਵਿਚ ਵਿਦੇਸ਼ ਤੋਂ ਵਾਪਸ ਆਈ ਤਾਂ ਉਸ ਨੇ ਪਾਲਿਸੀ ਬਾਰੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਪਾਲਿਸੀ ਕਿਸੇ ਨੇ ਕੈਸ਼ ਕਰਵਾ ਲਈ ਹੈ। ਕੰਪਨੀ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਝੰਡੋਦੀ ਤਹਿਸੀਲ ਸਮਰਾਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੇ ਖਾਤੇ ’ਚ ਉਸਦੇ ਦਸਤਾਵੇਜ ਲਗਾ ਕੇ ਪੈਸੇ ਉਸਦੀ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿਚ ਪਹਿਲਾਂ ਜਮ੍ਹਾਂ ਕਰਵਾਏ ਗਏ ਅਤੇ ਬਾਅਦ ਵਿਚ ਕਢਵਾਏ ਗਏ। ਇਸ ਸ਼ਿਕਾਇਤ ਦੀ ਜਾਂਚ ਐਸਪੀ ਹੈੱਡਕੁਆਰਟਰ ਨੇ ਕੀਤੀ। ਜਾਂਚ ਤੋਂ ਬਾਅਦ ਸੁਖਮੀਤ ਸਿੰਘ ਵਾਸੀ ਦੁਲਚੀਕੇ ਰੋਡ ਫਿਰੋਜ਼ਪੁਰ, ਮੌਜੂਦਾ ਵਾਸੀ ਬੀਆਰਐਸ ਨਗਰ ਲੁਧਿਆਣਾ, ਕੰਪਨੀ ਮੁਲਾਜ਼ਮ ਰੇਣੂ ਸੂਦ ਵਾਸੀ ਨੇੜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ, ਪਿਊਸ਼ ਬੇਰੀ ਵਾਸੀ ਸੰਤ ਵਿਹਾਰ ਕਲੋਨੀ ਹੈਬੋਵਾਲ ਕਲਾਂ ਅਤੇ ਮੈਕਸ ਲਾਈਫ ਇੰਸ਼ੋਰੈਂਸ ਦੇ ਇੱਕ ਅਣਪਛਾਤੇ ਮੁਲਾਜ਼ਮ ਤੋਂ ਇਲਾਵਾ ਮਨਪ੍ਰੀਤ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ , ਜਿਸ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ’ਚੋਂ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਕਢਵਾਈ ਗਈ ਸੀ।