ਬਰਨਾਲਾ, 24 ਨਵੰਬਰ (ਭਗਵਾਨ ਭੰਗੂ – ਅਸ਼ਵਨੀ) : ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਜ਼ਿਲ੍ਹਾ ਬਰਨਾਲਾ ‘ਚ ਸ਼ੁਰੂ ਹੋ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿਸ ਤਹਿਤ 2 ਵਿਸ਼ੇਸ਼ ਵੈਨਾਂ ਰਾਹੀਂ ਅਗਲੇ ਇੱਕ ਮਹੀਨੇ ਤੱਕ ਜ਼ਿਲ੍ਹਾ ਬਰਨਾਲਾ ਦੇ ਸਾਰੇ ਪਿੰਡਾਂ ‘ਚ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਜਿਹੜੇ ਵੀ ਪਿੰਡਾਂ ‘ਚ ਇਹ ਵੈਨਾਂ ਜਾਣਗੀਆਂ ਉਸ ਪਿੰਡ ਵਿਚ ਸਬੰਧਿਤ ਸਰਕਾਰੀ ਸਕੂਲਾਂ ‘ਚ ਇਸ ਸਬੰਧੀ ਜਨ ਭਾਗੀਦਾਰੀ ਸਮਾਗਮ ਕਰਵਾਏ ਜਾਣਗੇ ਜਿਸ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ, ਉਨ੍ਹਾਂ ਦਾ ਲਾਹਾ ਲੈਣ ਦਾ ਤਰੀਕਾ ਅਤੇ ਫਾਇਦੇ ਦੱਸੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਚਾਇਤ ਪੱਧਰ ਉੱਤੇ ਸਮਾਗਮ, ਕੁਇਜ਼, ਸਿਹਤ ਚੈੱਕ ਅਪ ਕੈਂਪ ਆਦਿ ਕਰਵਾਏ ਜਾ ਰਹੇ ਹਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੀਰੂ ਗਰਗ, ਆਲ ਇੰਡੀਆ ਰੇਡੀਓ ਬਠਿੰਡਾ ਤੋਂ ਕੁਲਬੀਰ ਸਿੰਘ ਸੋਢੀ ਅਤੇ ਸਾਰੇ ਸਰਕਾਰੀ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।ਵੈਨਾਂ ਨੇ ਆਪਣੀ ਫੇਰੀ ਪਿੰਡ ਮਨਾਲ ਅਤੇ ਮਾਂਗੇਵਾਲ ਤੋਂ ਸ਼ੁਰੂ ਕੀਤੀ। ਇਨ੍ਹਾਂ ਪਿੰਡਾਂ ਦੇ ਸਰਕਾਰੀ ਸਕੂਲਾਂ ‘ਚ ਸਮਾਗਮ ਆਯੋਜਿਤ ਕੀਤਾ ਗਿਆ ਜਿਥੇ ਪ੍ਰਚਾਰ ਵੈਨ ਰਾਹੀਂ ਸਰਕਾਰ ਦੀਆਂ ਸਕੀਮਾਂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਇਹ ਵੈਨਾਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਨਗੀਆਂ।