ਕਪੂਰਥਲਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਡਿਊਟੀ ਜਾਂਦੇ ਸਮੇਂ ਗੱਡੀ ਦੇ ਓਵਰ ਟੇਕ ਨੂੰ ਲੈ ਕੇ ਹੋਈ ਲੜਾਈ ਵਿੱਚ ਪੁਲਿਸ ਕਾਂਸਟੇਬਲ ਦੀ ਮੌਤ ਭਿਆਨਕ ਕੁਟਮਾਰ ਕਾਰਨ ਕਰੀਬ ਤਿੰਨ ਮਹੀਨੇ ਰਹੇ ਜੇਰੇ ਇਲਾਜ ਰਹਿਣ ਮਗਰੋਂ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਡਿਊਟੀ ਜਾਂਦੇ ਸਮੇਂ ਗੱਡੀ ਦੇ ਓਵਰ ਟੇਕ ਨੂੰ ਲੈ ਕੇ ਹੋਈ ਲੜਾਈ ਵਿੱਚ ਪੁਲਿਸ ਕਾਂਸਟੇਬਲ ਦੀ ਮੌਤ ਭਿਆਨਕ ਕੁਟਮਾਰ ਕਾਰਨ ਕਰੀਬ ਤਿੰਨ ਮਹੀਨੇ ਰਹੇ ਜੇਰੇ ਇਲਾਜ ਰਹਿਣ ਮਗਰੋਂ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਤੇ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਮੁਤਾਬਕ ਕਾਲਾ ਸੰਘਿਆਂ ਦੇ ਨਜ਼ਦੀਕੀ ਪਿੰਡ ਧੰਦਲ ਜ਼ਿਲ੍ਹਾ ਕਪੂਰਥਲਾ ਦਾ ਵਾਸੀ ਕਾਂਸਟੇਬਲ ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ 15 ਅਕਤੂਬਰ 2022 ਨੂੰ ਆਪਣੀ ਡਿਊਟੀ ਸੀ ਆਈ ਏ ਸਟਾਫ ਕਪੂਰਥਲਾ ਵਿਖੇ ਸੀ ਅਤੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਪਿੰਡ ਵਾਪਸ ਆ ਰਿਹਾ ਸੀ। ਜਦ ਉਹ ਪਿੰਡ ਤਲਵੰਡੀ ਮਹਿਮਾ ਪੁਜਾ ਤਾਂ ਇਕ ਆਈ 20 ਗੱਡੀ ਚਾਲਕ ਵਿਨੈ ਕੁਮਾਰ ਅਤੇ ਉਸ ਦੀ ਪਤਨੀ ਅਕਵਿੰਦਰ ਕੌਰ ਨਾਲ ਬਹਿਸ ਹੋਣ ਉਪਰੰਤ ਵਿਨੈ ਕੁਮਾਰ ਦੀ ਜਾਣ ਪਛਾਣ ਤਲਵੰਡੀ ਮਹਿਮਾ ਵਿਖੇ ਹੋਣ ਕਾਰਨ ਉਸ ਨੇ ਆਪਣੇ ਸਾਥੀਆਂ ਨੂੰ ਮੌਕੇ ਉੱਤੇ ਬੁਲਾ ਲਿਆ ਅਤੇ ਇਹ ਬਹਿਸਬਾਜ਼ੀ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਗਈ। ਲੜਾਈ ਵਿੱਚ ਮ੍ਰਿਤਕ ਪਰਮਿੰਦਰ ਸਿੰਘ ਅਤੇ ਉਸ ਦੇ ਦੋ ਸਾਥੀ ਜਿਹਨਾਂ ਨੂੰ ਮ੍ਰਿਤਕ ਨੇ ਬਹਿਸਬਾਜ਼ੀ ਦੌਰਾਨ ਫੋਨ ਕਰਕੇ ਸੱਦਿਆ ਸੀ। ਲੜਾਈ ਦੀ ਵਾਇਰਲ ਵੀਡੀਓ ਵਿਚ ਕਾਫੀ ਲੋਕ ਪਰਮਿੰਦਰ ਸਿੰਘ ਨੂੰ ਬੇਰਹਿਮੀ ਨਾਲ ਕੁਟਮਾਰ ਕਰਦੇ ਵਿਖਾਈ ਦੇ ਰਹੇ ਹਨ ਜਿਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਨੇ ਮ੍ਰਿਤਕ ਦੇ ਸਿਰ ਉੱਤੇ ਬੇਸਬਾਲ ਅਤੇ ਇੱਟਾਂ ਨਾਲ ਵਾਰ ਕਰਕੇ ਸੜਕ ਕਿਨਾਰੇ ਸੁੱਟ ਗਏ। ਉਪਰੰਤ ਜ਼ਖ਼ਮੀ ਹਾਲਤ ਵਿੱਚ ਪਰਮਿੰਦਰ ਸਿੰਘ ਅਤੇ ਸਾਥੀਆਂ ਨੂੰ ਸਰਕਾਰੀ ਹਸਪਤਾਲ ਕਪੂਰਥਲਾ ਵਿਖੇ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਪਰਮਿੰਦਰ ਸਿੰਘ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਪਰਮਿੰਦਰ ਸਿੰਘ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਿੰਡ ਤੇ ਇਲਾਕਾ ਵਾਸੀਆਂ ਨੇ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਪਰਮਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਵੀ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਹੇ ਸਨ ਅਤੇ ਡਿਊਟੀ ਦੌਰਾਨ ਇਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਵੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਤਰਸ ਦੇ ਅਧਾਰ ਤੇ ਪਿਤਾ ਦੀ ਨੌਕਰੀ ਪਰਮਿੰਦਰ ਸਿੰਘ ਨੂੰ ਮਿਲੀ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦ ਤੱਕ ਸਾਰੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਨਾਂ ਸਮਾਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਸਦਰ ਕਪੂਰਥਲਾ ਦੇ ਮੁੱਖੀ ਸੋਨਮਦੀਪ ਕੌਰ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਪਹਿਲਾਂ ਇਰਾਦਾ ਕਤਲ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਕਤਲ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕੁਲ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਿਹਨਾਂ ਵਿੱਚੋਂ ਇਕ ਔਰਤ ਸ਼ਾਮਿਲ ਹੈ ਅਤੇ ਬਾਕੀ ਅਣਪਛਾਤੇ ਹਨ। ਨਾਮਜ਼ਦ ਕੀਤੇ ਵਿਅਕਤੀਆਂ ਵਿੱਚੋਂ 6 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
