ਫਰੀਦਕੋਟ,(ਵਿਕਾਸ ਮਠਾੜੂ) : ਵੱਖ-ਵੱਖ ਵਿਮੁਕਤ ਜਾਤੀਆਂ ਅਤੇ ਬਾਜੀਗਰ ਸੰਗਠਨਾਂ ਵੱਲੋਂ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ ਧਰਨਾ ਲਗਾਤਾਰ ਜਾਰੀ ਹੈ। ਇਸ ਸਬੰਧੀ ਸੂਬਾ ਆਗੂ ਪਰਮਜੀਤ ਸਿੰਘ ਬਰਗਾੜੀ, ਜਸਵੀਰ ਸਿੰਘ ਡੂੰਮਵਾਲੀ, ਹਰਜਿੰਦਰ ਸਿੰਘ ਸਾਦਿਕ, ਛਿੰਦਰ ਸਿੰਘ ਪਟਵਾਰੀ, ਵਿਮੁਕਤ ਜਾਤੀਆਂ ਦੇ ਸੂਬਾ ਆਗੂ ਸਰਬਨ ਸਿੰਘ ਪੰਜਗਰਾਈਂ, ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਜਦੋਂ ਤਕ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਵਿਮੁਕਤ ਜਾਤੀਆਂ ਦੇ ਬੇਰੁਜ਼ਗਾਰਾਂ ਤੇ ਹੋਰ ਵਿਭਾਗਾਂ ਵਿਚ ਰਾਖਵੇਂਕਰਨ ਦੇ ਕੋਟੇ ਦੇ ਆਧਾਰ ‘ਤੇ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਤੇ ਵਿਮੁਕਤ ਜਾਤੀਆਂ ਨੂੰ ਮਿਲ ਰਹੇ ਰਾਖਵੇਂਕਰਨ ਵਿਰੁੱਧ 15 ਸਤੰਬਰ 2022 ਨੂੰ ਜਾਰੀ ਹੋਇਆ ਪੱਤਰ ਰੱਦ ਨਹੀਂ ਕੀਤਾ ਜਾਂਦਾ, ਉਸ ਸਮੇਂ ਤਕ ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਦਾ ਸਮਾਗਮਾਂ ਵਿਚ ਵਿਰੋਧ ਜਾਰੀ ਰਹੇਗਾ।ਇਸ ਲੜੀ ਤਹਿਤ ਪੂਰੇ ਪੰਜਾਬ ਵਿਚ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਸਮਾਗਮਾਂ ਵਿਚ ਪਹੁੰਚ ਰਹੇ ਵਿਧਾਇਕਾਂ, ਕੈਬਨਿਟ ਮੰਤਰੀਆਂ ਤੇ ਬਠਿੰਡਾ ਵਿਖੇ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੁਖਦੀਪ ਸਿੰਘ, ਬਲਵਿੰਦਰ ਸਿੰਘ, ਨਿਰਵੈਰ ਸਿੰਘ, ਜਸਪਾਲ ਸਿੰਘ, ਪਰਵਿੰਦਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।