Home ਪਰਸਾਸ਼ਨ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਗਣਰਾਜ ਦੇਸ਼, ਜਿਸ ਤੇ ਹਰੇਕ ਦੇਸ਼...

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਗਣਰਾਜ ਦੇਸ਼, ਜਿਸ ਤੇ ਹਰੇਕ ਦੇਸ਼ ਵਾਸੀ ਨੂੰ ਮਾਣ ਹੈ:- ਡਿਪਟੀ ਕਮਿਸ਼ਨਰ

57
0

ਫ਼ਤਹਿਗੜ੍ਹ ਸਾਹਿਬ, 26 ਜਨਵਰੀ: ( ਰੋਹਿਤ ਗੋਇਲ)-26 ਜਨਵਰੀ ਦਾ ਦਿਹਾੜਾ ਹਰੇਕ ਦੇਸ਼ ਵਾਸੀ ਲਈ ਗੌਰਵ ਦਾ ਪ੍ਰਤੀਕ ਹੈ ਕਿਉਂਕਿ ਅੱਜ ਦੇ ਹੀ ਦਿਨ 1950 ਵਿੱਚ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਵੱਲੋਂ ਲਿਖਿਆ ਗਿਆ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਵਿੱਚ ਹਰੇਕ ਭਾਰਤੀ ਨੂੰ ਬਰਾਬਰਤਾ ਦੇ ਹੱਕ ਦਿੱਤੇ ਗਏ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ 74ਵੇਂ ਗਣਤੰਤਰ ਦਿਵਸ ਮੌਕੇ ਖੇਡ ਸਟੇਡੀਅਮ ਸਰਹਿੰਦ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਉਪਰੰਤ ਜ਼ਿਲ੍ਹਾ ਵਾਸੀਆਂ ਨੂੰ ਦਿੱਤੇ ਸੰਦੇਸ਼ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਗਣਰਾਜ ਹੈ ਅਤੇ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਸਾਡਾ ਸੰਵਿਧਾਨ ਦੁਨੀਆਂ ਭਰ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵੱਡੇ ਪੱਧਰ ਤੇ ਕਾਰਜ ਸ਼ੁਰੂ ਕੀਤੇ ਗਏ ਹਨ ਜਿਨ੍ਹਾ ਤਹਿਤ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਵੀ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਤਿੰਨ ਆਮ ਆਦਮੀ ਕਲੀਨਿਕਾਂ ਰਾਹੀਂ ਜ਼ਿਲ੍ਹੇ ਦੇ 27 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ ਜਦੋਂ ਕਿ ਇਨ੍ਹਾਂ ਕਲੀਨਿਕਾਂ ਵਿੱਚ 1709 ਟੈਸਟ ਵੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 16 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਸਿਹਤ ਸੇਵਾਵਾਂ ਵਾਂਗ ਹੀ ਸਿੱਖਿਆ ਦੇ ਖੇਤਰ ਵਿੱਚ ਸੂਬੇ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਜ਼ਿਲ੍ਹੇ ਦੇ ਤਿੰਨ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਤਰੀਕਿਆਂ ਨਾਲ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਪੱਧਰ ਹੋਰ ਉਚਾ ਹੋਵੇਗਾ ਅਤੇ ਉਹ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਉਚੇ ਮਾਰਕੇ ਮਾਰ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 656 ਸਕੂਲਾਂ ਵਿੱਚ 60340 ਬੱਚਿਆਂ ਨੂੰ ਗੁਣਾਤਮਿਕ, ਰਚਨਾਤਮਿਕ, ਪ੍ਰਭਾਵਸ਼ਾਲੀ, ਸਿੱਖਿਆ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਅਤਿ ਅਧੁਨਿਕ ਸਹੂਲਤਾਂ ਦੀ ਮਦਦ ਨਾਲ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਾਨਗੀ ਤਕਸੀਮ ਕਰਵਾਉਣ ਲਈ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਲੋਕ ਜ਼ਮੀਨ ਦੀ ਘਰੇਲੂ ਵੰਡ ਦੀ ਦਰਖਾਸਤ ਆਨਲਾਈਨ ਇਸ ਪੋਰਟਲ ਦੇ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੌਖੀ ਹੋਵੇਗੀ, ਵੱਖਰੇ ਖਾਤੇ ਹੋਣ ਕਰਕੇ ਆਪਸੀ ਝਗੜੇ ਘਟਣਗੇ, ਜ਼ਮੀਨ ਦੀ ਖਰੀਦ-ਵੇਚ ਆਸਾਨ ਹੋਵੇਗੀ, ਖਰਾਬੇ ਦਾ ਮੁਆਵਜਾ ਮਿਲਣਾ ਸੁਖਾਲਾ ਹੋਵੇਗਾ, ਜਮ੍ਹਾਂਬੰਦੀ ਦੀ ਨਕਲ ਸਸਤੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 14 ਸੇਵਾ ਕੇਂਦਰ ਚੱਲ ਰਹੇ ਹਨ । ਲੋਕ 429 ਸਰਵਿਸਾਂ ਦਾ ਲਾਭ ਲੈ ਰਹੇ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੇਵਾ ਕੇਂਦਰ ਹਫਤੇ ਦੇ ਸੱਤ ਦਿਨ ਸੋਮਵਾਰ ਤੋਂ ਸ਼ੁਕਰਵਾਰ ਪੂਰੇ ਸਟਾਫ ਨਾਲ ਖੁਲ੍ਹੇ ਰਹਿੰਦੇ ਹਨ ਅਤੇ ਸ਼ਨੀਵਾਰ ਅਤੇ ਐਤਵਾਰ 50 ਫੀਸਦੀ ਸਟਾਫ ਨਾਲ ਖੁਲ੍ਹੇ ਰਹਿੰਦੇ ਹਨ। ਜੋ ਲੋਕਾਂ ਨੂੰ ਬਿਹਤਰ ਸੇਵਾਵਾਂ ਲਗਾਤਾਰ ਪ੍ਰਦਾਨ ਕਰ ਰਹੇ ਹਨ।ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ ਅਤੇ ਸਰਕਾਰ ਨੇ ਆਪਣੇ ਪਹਿਲੇ 10 ਮਹੀਨਿਆਂ ਦੌਰਾਨ ਹੀ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ ਜੋ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਇਸ ਨੂੰ ਸਹੀ ਮਾਅਨਿਆਂ ਵਿਚ ਗਣਰਾਜ ਬਣਾਉਣ ਲਈ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ। ਇਸ ਵਿਭਿੰਨਤਾਵਾਂ ਭਰੇ ਵਿਸ਼ਾਲ ਦੇਸ਼ ਦਾ ਸੰਵਿਧਾਨ ਬਣਾਉਣਾ ਆਪਣੇ ਆਪ ਵਿਚ ਇਕ ਮਹਾਨ ਕਾਰਜ ਸੀ। ਇਸ ਕਾਰਜ ਨੂੰ ਸਿਰੇ ਚੜਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਦਿੱਤਾ।ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਪੰਜਾਬ ਪੁਲਿਸ, ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼ ਅਤੇ ਐਨ.ਸੀ.ਸੀ. ਦੇ ਕੈਡਿਟਾਂ ਦੀਆਂ ਟੁਕੜੀਆਂ ਵੱਲੋਂ ਡੀ.ਐਸ.ਪੀ. ਰਾਜ ਕੁਮਾਰ ਸ਼ਰਮਾਂ ਦੀ ਅਗਵਾਈ ਹੇਠ ਕੱਢੇ ਗਏ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਰੀਖਣ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ, ਦਿਵਿਆਂਗਜ਼ਨਾਂ ਨੂੰ ਟਰਾਈ ਸਾਇਕਲ ਤੇ ਵੀਲ੍ਹ ਚੇਅਰ ਵੀ ਵੰਡੀਆਂ ਗਈਆਂ। ਇਸ ਮੌਕੇ ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀਆਂ ਝਾਂਕੀਆਂ ਵੀ ਕੱਢੀਆਂ ਗਈਆਂ। ਸਮਾਗਮ ਵਿੱਚ ਸਕੂਲੀ ਵਿਦਿਆਰਥਣਾਂ ਵੱਲੋਂ ਪੰਜਾਬ ਦਾ ਮਸ਼ਹੂਰ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ਜਦੋਂ ਕਿ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਕ੍ਰਿਸ਼ਨਾ ਯਾਦਵ, ਜਿਸ ਨੇ ਕਿ ਫਾਇਰਿੰਗ ਵਿੱਚ ਆਲ ਇੰਡੀਆ ਪੱਧਰ ਤੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ, ਨੂੰ ਵੀ ਸਨਮਾਨਤ ਕੀਤਾ ਗਿਆ।ਸਮਾਗਮ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ, ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰੀਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਿਨੇਸ਼ ਵਸਿਸ਼ਟ, ਐਸ ਡੀ ਐਮ ਫਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ, ਐਸ ਪੀ ਹੈੱਡ ਕੁਆਰਟਰ ਗੁਰਬੰਸ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਢਿੱਲੋਂ, ਗੁਰਸਤਿੰਦਰ ਸਿੰਘ ਜੱਲਾ , ਜਗਜੀਤ ਸਿੰਘ ਰਿਉਣਾ, ਗੱਜਣ ਸਿੰਘ ਜਲਵੇੜਾ, ਅਮਰਿੰਦਰ ਮੰਡੋਫਲ, ਸਨੀ ਚੋਪੜਾ, ਅਸੀਸ ਅੱਤ੍ਰੀ, ਪਵਿਲ ਹਾਂਡਾ, ਮੋਹਿਤ ਸੂਦ, ਬਲਵੀਰ ਚੀਮਾ, ਗੁਰਮੇਲ ਪੰਡਰਾਲੀ, ਬਲਜਿੰਦਰ ਗੋਲਾ, ਚਮਨ ਕੁਰੈਸ਼ੀ, ਦੀਪਕ ਵਾਤਿਸ਼, ਬਹਾਦਰ ਖ਼ਾਂ, ਮਾਨਵ ਟਿਵਾਣਾ,ਗੁਰਬਚਨ ਕੌਰ, ਸੁਖਵਿੰਦਰ ਕੌਰ, ਗੀਤਾ ਰਾਣੀ ਸਮੇਤ ਹੋਰ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here