ਜਨਤਕ ਵਿੱਤੀ ਪ੍ਰਬੰਧਨ ਸਿਸਟਮ ਰਾਹੀਂ ਪੈਨਸ਼ਨ ਦਾ ਭੁਗਤਾਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ
ਚੰਡੀਗੜ, 15 ਸਤੰਬਰ ( ਲਿਕੇਸ਼ ਸ਼ਰਮਾਂ, ਰਾਜਨ ਜੈਨ) –
ਪੰਜਾਬ ਜਨਤਕ ਵਿੱਤੀ ਪ੍ਰਬੰਧਨ ਸਿਸਟਮ (ਪੀ.ਐੱਫ.ਐੱਮ.ਐੱਸ.) ਰਾਹੀਂ ਭਲਾਈ ਸਕੀਮਾਂ ਦੀ ਪੈਨਸਨ ਦੀ ਅਦਾਇਗੀ ਕਰਨ ਵਾਲਾ ਦੇਸ ਦਾ ਪਹਿਲਾ ਸੂਬਾ ਹੋਵੇਗਾ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜੁਰਗ, ਵਿਧਵਾ ਅਤੇ ਬੇਸਹਾਰਾਂ ਔਰਤਾਂ, ਆਸ਼ਰਿਤ ਬੱਚੇ ਅਤੇ ਦਿਵਿਆਂਗ ਵਿਅਕਤੀਆਂ ਲਈ ਚਲਾਈਆਂ ਜਾ ਰਹੀਆਂ ਸਮਾਜਿਕ ਭਲਾਈ ਸਕੀਮਾਂ ਨੂੰ ਯੋਗਪਾਤਰਾਂ ਤੱਕ ਪਹੁੰਚਾਉਣ ਲਈ ਲਗਾਤਾਰ ਕਾਰਜ਼ ਕਰ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਰਾਜ ਵਿੱਚ ਪੈਨਸਨ ਦੀ ਅਦਾਇਗੀ ਤੁਰੰਤ ਕਰਨ ਲਈ ਜਨਤਕ ਵਿੱਤੀ ਪ੍ਰਬੰਧਨ ਸਿਸਟਮ (ਪੀ.ਐਫ.ਐਮ.ਐਸ) ਲਾਗੂ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 1500/-ਰੁਪਏ ਪੈਨਸਨ ਦੇ ਰੂਪ ਵਿੱਚ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਮੌਜੂਦਾ ਸਮੇਂ ਪੰਜਾਬ ਰਾਜ ਵਿੱਚ ਇਨਾਂ ਸਕੀਮਾਂ ਅਧੀਨ 30.25 ਲੱਖ ਲਾਭਪਾਤਰੀਆਂ ਨੂੰ ਪੈਨਸਨ ਦਾ ਲਾਭ ਮਿਲ ਰਿਹਾ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੈਨਸਨ ਦੀ ਰਾਸੀ ਦੀ ਤੁਰੰਤ ਅਦਾਇਗੀ ਕਰਨ ਲਈ ਪੂਰੇ ਪੰਜਾਬ ਰਾਜ ਵਿੱਚ ਨਵਾਂ ਸਿਸਟਮ ਜਨਤਕ ਵਿੱਤੀ ਪ੍ਰਬੰਧਨ ਸਿਸਟਮ (ਪੀ.ਐਫ.ਐਮ.ਐਸ) ਲਾਗੂ ਕੀਤਾ ਗਿਆ ਹੈ, ਜਿਸ ਨਾਲ ਪੈਨਸਨ ਦਾ ਭੁਗਤਾਨ ਜਲਦੀ ਹੋਵੇਗਾ ਅਤੇ ਅਦਾਇਗੀ ਸਬੰਧੀ ਵਿਭਾਗ ਨੂੰ ਤੁਰੰਤ ਜਾਣਕਾਰੀ ਮਿਲ ਜਾਵੇਗੀ।
ਉਹਨਾ ਕਿਹਾ ਕਿ ਜੇਕਰ ਪੈਨਸਨ ਦੀ ਅਦਾਇਗੀ ਵਿੱਚ ਕੋਈ ਰੁਕਾਵਟ ਆਉਦੀ ਹੈ ਤਾਂ ਲਾਭਪਾਤਰੀ ਆਪਣੀ ਪੂਰੀ ਜਾਣਕਾਰੀ ਇਸ ਸਿਸਟਮ ਰਾਹੀਂ ਪ੍ਰਾਪਤ ਕਰ ਸਕਦਾ ਹੈ। ਇਹ ਸਿਸਟਮ ਪਹਿਲਾਂ 7 ਜਿਲਿਆਂ ਵਿੱਚ ਲਾਗੂ ਕੀਤਾ ਗਿਆ ਸੀ, ਜੋ ਕਿ ਸਫ਼ਲ ਰਿਹਾ। ਹੁਣ ਪੰਜਾਬ ਰਾਜ ਦੇ ਜ਼ਿਲਾ ਅਧਿਕਾਰੀਆਂ ਨੂੰ ਪੈਨਸਨ ਦੀ ਅਦਾਇਗੀ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਪੀ.ਐਫ.ਐਮ.ਐਸ ਰਾਹੀਂ ਪੈਨਸ਼ਨ ਭੇਜਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਾ. ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਪੂਰੇ ਪੰਜਾਬ ਵਿੱਚ ਪੀ.ਐਫ.ਐਮ.ਐਸ ਲਾਗੂ ਹੋਣ ਨਾਲ ਪੈਨਸਨ ਭੇਜਣ ਦੇ ਕੰਮ ਵਿੱਚ ਪਾਰਦਰਸਤਾ ਆਵੇਗੀ। ਪੰਜਾਬ ਰਾਜ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣ ਜਾਵੇਗਾ ਜੋ 30.25 ਲੱਖ ਲਾਭਪਾਤਰੀਆਂ ਨੂੰ ਇਸ ਸਿਸਟਮ ਨਾਲ ਮਹੀਨਾਵਾਰ ਪੈਨਸਨ ਦਾ ਲਾਭ ਦੇਵੇਗਾ। ਵਿਭਾਗ ਨੂੰ ਜਨਤਕ ਵਿੱਤੀ ਪ੍ਰਬੰਧਨ ਸਿਸਟਮ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਲਈ ਗਵਰਨੈਂਸ ਵਿਭਾਗ ਅਤੇ ਐਕਸਿਸ ਬੈਂਕ ਵੱਲੋਂ ਸਹਿਯੋਗ ਦਿੱਤਾ ਗਿਆ ਹੈ।