ਕਿਲਾ ਰਾਏਪੁਰ(ਰੋਹਿਤ ਗੋਇਲ – ਬੋਬੀ ਸਹਿਜਲ)ਪੰਜਾਬ ਦੇ ਖੇਡ ਇਤਿਹਾਸ ਤੇ ਸੱਭਿਆਚਾਰ ‘ਚ ਸੁਨਹਿਰੀ ਅੱਖਰਾਂ ਵਾਂਗ ਚਮਕਦੇ ਪਿੰਡ ਕਿਲ੍ਹਾ ਰਾਏਪੁਰ ਦਾ 83ਵਾਂ ਅਪੋਲੋ ਟਾਇਰਜ਼ ਰੂਰਲ ਸਪੋਰਟਸ ਫੈਸਟੀਵਲ 3 ਤੋਂ 5 ਫਰਵਰੀ ਤੱਕ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵੀਆ ਵੱਲੋਂ ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਵ. ਮਾਤਾ ਕੁਲਦੀਪ ਕੌਰ ਗਰੇਵਾਲ ਅਤੇ ਸਵ. ਕਮਲਜੀਤ ਸਿੰਘ ਗਰੇਵਾਲ ਕਮਲ) ਨੂੰ ਸਮਰਪਿਤ ਇਸ ਖੇਡ ਉਤਸਵ ਸਬੰਧੀ ਅੱਜ ਇੱਥੇ ਪ੍ਰੈਸ ਮਿਲਣੀ ਦੌਰਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ, ਗੁਰਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਰਪੰਚ ਗਿਆਨ ਸਿੰਘ, ਬਲਜੀਤ ਸਿੰਘ ਤੇ ਦਵਿੰਦਰ ਸਿੰਘ ਪੂਨੀਆ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਹੋਰ ਅਮੀਰੀ ਪ੍ਰਦਾਨ ਕਰਨ ਦੇ ਯਤਨਾਂ ਵਜੋਂ ਉਕਤ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਦੌਰਾਨ ਹਰ ਤਰ੍ਹਾਂ ਦੀਆਂ ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿੰਨ੍ਹਾਂ ‘ਚ ਵਿਰਾਸਤੀ ਖੇਡਾਂ, ਉਲੰਪਿਕ ਲਹਿਰ ਨਾਲ ਜੁੜੀਆਂ ਖੇਡਾਂ ਅਤੇ ਪੰਜਾਬ ਦੀਆਂ ਮਾਰਸ਼ਲ ਖੇਡਾਂ ਸ਼ਾਮਲ ਹਨ।
ਪ੍ਰਬੰਧਕਾਂ ਨੇ ਦੱਸਿਆ ਕਿ ਰੂਰਲ ਫੈਸਟੀਵਲ ਦੇ ਪਹਿਲੇ ਦਿਨ ਭੰਗੜਾ, ਗਿੱਧਾ, ਗਤਕਾ, ਬਾਜੀਗਰਾਂ ਦੇ ਕਰਤੱਵ, ਹਾਕੀ ਓਪਨ ਲੜਕੇ ਤੇ ਲੜਕੀਆਂ, ਪ੍ਰਾਇਮਰੀ ਸਕੂਲ ਨੈਸ਼ਨਲ ਸਟਾਈਲ ਕਬੱਡੀ ਲੜਕੀਆਂ ਤੇ ਦੌੜਾਂ ਦੋਨੋਂ ਵਰਗ ਹੀਟਸ, ਦੌੜਾਂ 100, 200, 400 ਤੇ 1500 ਮੀਟਰ, ਲੰਬੀ ਛਾਲ ਤੇ ਉੱਚੀ ਛਾਲ ਫਾਈਨਲ ਲੜਕੇ ਤੇ ਲੜਕੀਆਂ ਤੇ ਰੱਸਾਕਸੀ, 65 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਦੀਆਂ ਦੌੜਾਂ, ਪੈਰਾਗਲਾਈਡਿੰਗ ਸ਼ੋਅ ਹੋਣਗੀਆਂ।
