ਬਠਿੰਡਾ (ਬੋਬੀ ਸਹਿਜਲ- ਧਰਮਿੰਦਰ ) ਡੇਰਾ ਸਿਰਫ਼ ਦੇ ਪੰਜਾਬ ਵਿਚਲੇ ਹੈੱਡਕੁਆਟਰ ਸਲਾਬਤਪੁਰਾ ਵਿੱਚ ਹੋਣ ਵਾਲੀ ਆਨ ਲਾਇਨ ਸਤਿਸੰਗ ਦਾ ਪੰਥਕ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਭਗਤਾ ਬਰਨਾਲਾ ਸੜਕ ‘ਤੇ ਪਿੰਡ ਜਲਾਲ ‘ਚ ਧਰਨਾ ਲਗਾ ਦਿੱਤਾ ਹੈ। ਪੰਥਕ ਜਥੇਬੰਦੀਆਂ ਦੇ ਵਿਰੋਧ ਨੂੰ ਵੇਖਦੇ ਹੋਏ ਸਲਾਬਤਪੁਰਾ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈਡਕੁਆਟਰ ਡੇਰਾ ਸਲਾਬਤਪੁਰਾ ਵਿੱਚ ਹੋਣ ਵਾਲੀ ਸਤਿਸੰਗ ਦਾ ਵਿਰੋਧ ਕਰ ਰਹੇ ਸਿੱਖ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਿੱਖ ਜਥੇਬੰਦੀਆਂ ਨੇ ਪਿੰਡ ਜਲਾਲ ਨੇੜੇ ਸੜਕ ਨੂੰ ਜਾਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਦਸ ਮਿੰਟ ਵਿੱਚ ਜੇਕਰ ਰਸਤਾ ਖਾਲੀ ਨਾ ਕਰਾਇਆ ਗਿਆ ਤਾਂ ਉਹ ਖੁਦ ਕਾਰਵਾਈ ਕਰਨਗੇ। ਡੇਰਾ ਪ੍ਰੇਮੀਆਂ ਵੱਲੋਂ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਸੜਕ ਜਾਮ ਕਰਕੇ ਬੈਠੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆ ਨੂੰ ਚੁੱਕ ਕੇ ਬੱਸਾਂ ਵਿੱਚ ਚੜ੍ਹਾ ਲਿਆ। ਇਸ ਤੋਂ ਪਹਿਲਾਂ ਪੁਲਿਸ ਨੇ ਡੇਰਾ ਪ੍ਰੇਮੀਆਂ ਨੂੰ ਆਪਣੀਆਂ ਗੱਡੀਆਂ ਹੋਰ ਰਸਤੇ ਰਾਹੀਂ ਜਾਣ ਲਈ ਕਿਹਾ ਗਿਆ, ਪਰ ਸ਼ਰਧਾਲੂਆਂ ਨੇ ਐਲਾਨ ਕੀਤਾ ਕਿ ਉਹ ਉਸੇ ਰਸਤੇ ਹੀ ਆਪਣੀਆਂ ਗੱਡੀਆਂ ਲੈ ਕੇ ਜਾਣਗੇ। ਆਨਲਾਈਨ ਸਤਿਸੰਗ ਵਿਚ ਪੰਜਾਬ ਹਰਿਆਣਾ ਤੇ ਰਾਜਸਥਾਨ ਤੋਂ ਵੱਡੀ ਗਿਣਤੀ ਡੇਰਾ ਪ੍ਰੇਮੀ ਪਹੁੰਚ ਰਹੇ ਹਨ ਜਿਸ ਕਾਰਨ ਭਗਤਾ ਭਾਈ ਖੇਤਰ ਵਿੱਚ ਜਾਮ ਵਰਗੀ ਸਥਿਤੀ ਬਣੀ ਹੋਈ ਹੈ
