ਮੋਗਾ, 30 ਜਨਵਰੀ ( ਅਸ਼ਵਨੀ) -ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਜੀਨਸਲ ਅਤੇ ਕਮਰਸ਼ੀਅਲ ਸ਼ੂਰ ਪਾਲਕ ਸੂਰਾਂ ਦੀ ਇੱਕ ਨਵੀਂ ਬਿਮਾਰੀ ਏ.ਐਸ.ਐਫ. (ਅਫਰੀਕਨ ਸਵਾਈਨ ਫੀਵਰ) ਕਰਕੇ ਪ੍ਰੇਸ਼ਾਨ ਹਨ। ਪੰਜਾਬ ਦੇ ਕਾਫ਼ੀ ਜ਼ਿਲ੍ਹਿਆਂ ਵਿੱਚ ਇਸ ਬਿਮਾਰੀ ਦੇ ਲੱਛਣ ਦੇਖੇ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਇੱਕ ਵਾਇਰਲ ਬਿਮਾਰੀ ਹੈ, ਜੰਗਲੀ ਸੂਰਾਂ ਤੋਂ ਸਿੱਧੇ ਸੰਪਰਕ, ਸੂਰਾਂ ਦੇ ਚਿੱਚੜਾਂ ਤੋਂ ਇੱਕ ਦੂਜੇ ਨੂੰ ਕੱਟਣ ਨਾਲ ਅਤੇ ਵੇਸਟ ਖਾਣੇ ਕਾਰਣ ਵੀ ਫੈਲ ਸਕਦੀ ਹੈ। ਸੂਰਾਂ ਨੂੰ ਬੁਖਾਰ, ਔਖੇ ਸਾਹ, ਲਾਲ ਨੀਲੇ ਜਾਮਣੀ ਧੱਫਣ ਪੈਣੇ, ਨੱਕ ਅਤੇ ਮਲ ਵਿੱਚੋਂ ਖੂਨ ਵਗਣਾ ਆਦਿ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਸੂਰਾਂ ਦੀ ਅੰਤ ਵਿੱਚ ਅਚਾਨਕ ਮੌਤ ਵੀ ਹੋ ਸਕਦੀ ਹੈ। ਇਸ ਬਿਮਾਰੀ ਦੇ ਲੱਛਣ ਕਲਾਸੀਕਲ ਸਵਾਈਨ ਫੀਵਰ ਵਾਂਗ ਹੀ ਹੁੰਦੇ ਹਨ ਪਰ ਫਿਲਹਾਲ ਇਸ ਦਾ ਕੋਈ ਇਲਾਜ ਜਾਂ ਵੈਕਸੀਨ ਨਹੀਂ ਆਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਬਿਮਾਰੀ ਦੇ ਨੁਕਸਾਨ ਨੂੰ ਘੱਟ ਕਰਨ ਲਈ ਪਸ਼ੂ ਪਾਲਣ ਵਿਭਾਗ ਸੂਰਾਂ ਨੂੰ ਕਲਾਸੀਕਲ ਸਵਾਈਨ ਫੀਵਰ ਦੀ ਵੈਕਸੀਨ ਬਿਲਕੁਲ ਮੁਫ਼ਤ ਲਗਾ ਰਿਹਾ ਹੈ। ਸ੍ਰੀਮਤੀ ਹਰਵੀਨ ਕੌਰ ਨੇ ਜ਼ਿਲ੍ਹੇ ਦੇ ਸੂਰ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਨੇੜੇ ਦੇ ਪਸ਼ੂ ਹਸਪਤਾਲ ਨਾਲ ਰਾਬਤਾ ਕਰਕੇ ਆਪਣੇ ਸੂਰਾਂ ਨੂੰ ਇਹ ਵੈਕਸੀਨ ਜਰੂਰੀ ਤੌਰ ‘ਤੇ ਲਗਵਾ ਲੈਣ।