ਜਦੋਂ ਪੰਜਾਬ ਵਿਚ ਅੱਤਵਾਦ ਦਾ ਦੌਰ ਸ਼ੁਰੂ ਹੋਇਆ ਤਾਂ ਪੰਜਾਬ ਹਰ ਪੱਖੋਂ ਕਈ ਗੁਣਾ ਪਿੱਛੇ ਚਲਾ ਗਿਆ ਅਤੇ ਪੰਜਾਬ ਦੇ ਮਿਹਨਤਕਸ਼ ਲੋਕਾਂ ਦੀ ਸਖਤ ਮਿਹਨਤ ਸਦਕਾ ਪੰਜਾਬ ਇਕ ਵਾਰ ਫਿਰ ਆਪਣਏ ਪੈਰਾਂ ਤੇ ਖੜ੍ਹਾ ਹੋਣ ਵਿਚ ਸਫਲ ਹੋ ਗਿਆ ਪਰ ਅੱਤਵਾਦ ਦੇ ਕਾਲੇ ਦੌਰ ਸਮੇਂ ਦਾ ਕਰਜ਼ ਪੰਜਾਬ ਦੇ ਸਿਰ ਅੱਜ ਵੱਡੀ ਪੰਡ ਬਣ ਚੁੱਕਾ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਸਮੇਂ-ਸਮੇਂ ’ਤੇ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਰਿਹਾ ਹੈ। ਜਿਸ ਵਿਚ ਸਭ ਤੋਂ ਵੱਡੀ ਸਾਜ਼ਿਸ਼ ਲੋਕਾਂ ਨੂੰ ਧਾਰਮਿਕ ਤੌਰ ’ਤੇ ਭਾਵਨਾਤਮਕ ਬਣਾ ਕੇ ਭੜਕਾਉਣ ਦੀ ਹੈ। ਭਾਵੇਂ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਕਿਹਾ ਜਾਂਦਾ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਪਰ ਇਥੇ ਧਰਮ ਦੇ ਨਾਂ ’ਤੇ ਸਿਆਸੀ ਲੋਕ ਹਮੇਸ਼ਾ ਹੀ ਇੱਥੇ ਰੋਟੀਆਂ ਸੇਕਦੇ ਆ ਰਹੇ ਹਨ। ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਰਹਿੰਦੀ ਹੈ ਤਾਂ ਉਹ ਧਾਰਮਿਕ ਪੱਤਾ ਖੇਡ ਕੇ ਆਸਾਨੀ ਨਾਲ ਆਪਣਆ ਬਟਾਵ ਕਰ ਲੈਂਦੀ ਹੈ ਅਤੇ ਲੋਕ ਸਰਕਾਰ ਦੀ ਜਵਾਬਦੇਹੀ ਨੂੰ ਛੱਡ ਕੇ ਆਪਸ ਵਿਚ ਹੀ ਧਾਰਮਿਕ ਵਿਵਾਦਾਂ ਵਿਚ ਉਲਝ ਕੇ ਰਹਿ ਜਾਂਦੇ ਹਨ। ਪੰਜਾਬ ਨੂੰ ਅੱਜ ਫਿਰ ਇਕ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਵਿਚ ਕਈ ਸੰਗੀਨ ਦੋਸ਼ਾਂ ਵਿਚ ਜੇਲ ਅੰਦਰ ਸਜਾ ਭੁਗਤ ਰਹੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ’ਤੇ ਜੇਲ੍ਹ ’ਚੋਂ ਰਿਹਾਅ ਕੀਤਾ ਜਾਣਾ ਵੀ ਵੱਡਾ ਕਦਮ ਹੈ। ਉਹ ਪਿਛਲੇ ਤਿੰਨ ਵਾਰ ਪੈਰੋਲ ਤੇ ਆ ਕੇ ਤਾਂ ਆਪਣੇ ਡੇਰੇ ਕਿਸੇ ਡੇਰੇ ਵਿਚ ’ਚ ਬੈਠ ਕੇ ਸਮਾਂ ਪੂਰਾ ਕਰਕੇ ਜੇਲ ਵਾਪਿਸ ਪਰਤਦਾ ਰਿਹਾ ਹੈ। ਪਰ ਇਸ ਵਾਰ ਰਾਮ ਰਹੀਮ ਵੱਲੋਂ ਆਪਣੇ ਸਤਿਸੰਗ ਕਰਨ ਦਾ ਐਲਾਣ ਕੀਤਾ ਗਿਆ। ਜਿਸ ’ਚ ਉਸ ਨੇ ਆਪਣੇ ਹੋਰਨਾ ਡੇਰਿਆਂ ਦਾ ਨਾਲ ਪੰਜਾਬ ਦੇ ਡੇਰੇ ਵਿਚ ਵੀ ਸਤਿਸੰਗ ਕਰਨ ਦਾ ਐਲਾਣ ਕੀਤਾ।ਡੇਰਾ ਪ੍ਰੇਮੀਆਂ ਨੂੰ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਵਿਖੇ ਡੇਰੇ ’ਚ ਪਹੁੰਚਣ ਲਈ ਕਿਹਾ ਗਿਆ ਸੀ। ਰਹੀਮ ’ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਵਰਗੀ ਪੁਸ਼ਾਕ ਪਾ ਕੇ ਸਵਾਂਗ ਰਚਣ ਸਮੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੋਸ਼ ਹਨ। ਇਸ ਲਈ ਉਸ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਵੀ ਪੰਜਾਬ ਅੰਦਰ ਉਸਦਾ ਡਟ ਤੇ ਵਿਰੋਧ ਜਾਰੀ ਹੈ। ਜੇਕਰ ਉਹ ਪੈਰੋਲ ’ਤੇ ਆਇਆ ਹੈ ਤਾਂ ਉਸ ਨੂੰ ਪੰਜਾਬ ਦੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ। ਪੰਜਾਬ ਨੂੰ ਛੱਡ ਕੇ ਉਹ ਆਪਣਾ ਸਤਿਸੰਗ ਕਿਤੇ ਵੀ ਕਰ ਸਕਦਾ ਹੈ। ਜਿਥੇ ਉਸਦਾ ਬਹੁਤਾ ਵਿਰੋਧ ਨਹੀਂ ਹੋਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਰਾਮ ਰਹੀਮ ਨੂੰ ਪੰਜਾਬ ਦੇ ਸਿੱਖਾਂ ਦੀ ਭਾਵਨਾਵਾਂ ਨਾਲ ਖੇਡਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਹੁਣ ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਹੈ। ਜੇਕਰ ਫਿਰ ਤੋਂ ਹਾਲਾਤ ਧਾਰਮਿਕ ਭਾਵਨਾਵਾਂ ਦੇ ਨਾਲ ਬੇਕਾਬੂ ਹੋਏ ਤਾਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਮ ਰਹੀਮ ਨੂੰ ਪੈਰੋਲ ਦਿਤੇ ਜਾਣ ਵਿੱਚ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਹਰਿਆਣਆ ਸਰਕਾਰ ਵਲੋਂ ਰਾਮ ਰਹੀਮ ਨੂੰ ਜੇਲ੍ਹ ਪ੍ਰਸ਼ਾਸਨ ਦੇ ਨਿਯਮਾਂ ਤਹਿਤ ਵਾਰ-ਵਾਰ ਪੈਰੋਲ ਦਿੱਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਪਰ ਇਸ ਵਿੱਚ ਸਥਿਤੀ ਸ਼ੱਕੀ ਹੈ ਕਿਉਂਕਿ ਗੰਭੀਰ ਦੋਸ਼ਾਂ ਤਹਿਤ ਜੇਲ ’ਚ ਨਜ਼ਰਬੰਦ ਕਿਸੇ ਵੀ ਕੈਦੀ ਨੂੰ ਇੰਨੀ ਜਲਦੀ ਅਤੇ ਇੰਨੇ ਲੰਬੇ ਸਮੇਂ ਲਈ ਪੈਰੋਲ ਨਹੀਂ ਦਿੱਤੀ ਜਾੰਦੀ। ਇਥੇ ਇਕ ਹੋਰ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ ਜੋ ਸਭ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਦਲੀਲ ਦਿਤੀ ਜਾਂਦੀ ਹੈ ਕਿ ਅਦਾਲਤ ਨੇ ਉਸ ਨੂੰ ਗੰਭੀਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਕੇ ਸਜਾ ਸੁਣਾਈ ਹੋਈ ਹੈ। ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਦਾ ਆਚਰਣ ਚੰਗਾ ਹੈ। ਇਸਦਾ ਲਾਭ ਦੇ ਕੇ ਹੀ ਉਸਨੂੰ ਪੈਰੋਲ ਦਿਤੀ ਜਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਅਦਾਲਤ ਵਲੋਂ ਉਸਨੂੰ ਗੰਭੀਰ ਦੋਸ਼ਾਂ ਅਧੀਨ ਪਹਿਲਾਂ ਸਜਾ ਸੁਣਾਈ ਹੋਈ ਹੈ, ਹੁਣ ਕਿਹਾ ਜਾਂਦਾ ਹੈ ਕਿ ਉਸਦਾ ਆਚਰਣ ਚੰਗਾ ਹੈ। ਫਿਰ ਪਹਿਲਾਂ ਅਦਾਲਤ ਨੇ ਗਲਤ ਕੀਤਾ ਸੀ ਜਾਂ ਹੁਣ ਅਦਾਲਤ ਗਲਤ ਕਰ ਰਹੀ ਹੈ। ਇਹ ਵੱਡਾ ਸਵਾਲ ਹੈ। ਜੇਕਰ ਪਹਿਲਾਂ ਹੀ ਅਦਾਲਤ ਆਚਰਣ ਸਹੀ ਮੰਨਦੀ ਹੁੰਦੀ ਤਾਂ ਉਸਨੂੰ ਸਖਤ ਸਜਾ ਕਿਉਂ ਸੁਣਾਉਂਦੀ ? ਇਸ ਲਈ ਵੋਟ ਬੈਂਕ ਦੀ ਖ਼ਾਤਰ ਵਾਰ-ਵਾਰ ਉਸਨੂੰ ਪੈਰੋਲ ਦਿੱਤੀ ਜਾ ਰਹੀ ਹੈ। ਪਰ ਹਰਿਆਣਾ ਸਰਕਾਰ ਦੇ ਇਸ ਕਦਮ ਦਾ ਸਰਕਾਰ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ, ਉਲਟਾ ਅਦਾਲਤ ਅਤੇ ਜੇਲ੍ਹ ਪ੍ਰਸ਼ਾਸਨ ਲਈ ਨਵੀਂ ਰੇਚੀਦਾ ਸਥਿਤੀ ਆਉਣ ਵਾਲੇ ਸਮੇਂ ਵਿਚ ਖੜੀ ਜਰੂਰ ਹੋ ਜਾਵੇਗੀ। ਇਸੇ ਤਰ੍ਹਾਂ ਜ਼ੇਲਾਂ ਵਿਚ ਸੰਗੀਨ ਦੋਸ਼ਾਂ ਅਧੀਨ ਸਜਾ ਭੁਗਤ ਰਹੇ ਕੈਦੀ ਰਾਮ ਰਹੀਮ ਦੀ ਦਲੀਲ ਦੇ ਕੇ ਵੱਡੀ ਪੈਰੋਲ ਦੇਣ ਦੀ ਮੰਗ ਕਰਨੀ ਸ਼ੁਰੂ ਕਰ ਦੇਣਗੇ। ਇਸ ਤੋਂ ਇਲਾਵਾ ਪੰਜਾਬ ਵਿੱਚ ਲੰਬੇ ਸਮੇਂ ਤੋਂ ਵੱਖ ਵੱਖ ਜੇਲਾਂ ਵਿਚ ਨਜਰਬੰਦ ਕਰਕੇ ਰੱਖਏ ਹੋਏ ਉਹ ੂੰਦੀ ਸਿੰਘ ਜੋ ਆਪਣਾ ਪੂਰੀ ਸਜਾ ਕੱਟ ਚੁੱਕੇ ਹਨ ਉਸਦੇ ਬਾਵਜੂਦ ਵੀ ਸਰਕਾਰਾਂ ਵਲੋਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਸ ਲਈ ਪੰਜਾਬ ਭਰ ਵਿਚ ਲੰਬੇ ਸਮੇਂ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈ। ਜੇਕਰ ਚੰਗੇ ਆਚਰਣ ਦੇ ਆਧਾਰ ’ਤੇ ਪੈਰੋਲ ਮਿਲ ਸਕਦੀ ਹੈ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਭੁੱਲਰ ਵਾਂਦ ਹੋਰ ਅਨੇਕਾਂ ਕੈਦੀ ਹਨ ਜਿੰਨ੍ਹਾਂ ਦਾ ਜੇਲ ਵਿਚ ਜਾਣ ਤੋਂ ਬਾਅਦ ਕਿਸੇ ਮਾੜੇ ਵਿਵਹਾਰ ’ਤੇ ਕੋਈ ਮੁੱਦਾ ਕਦੇ ਨਹੀਂ ਉਠਾਇਆ, ਫਿਰ ਉਨ੍ਹਾਂ ਲੋਕਾਂ ਨੂੰ ਪੈਰੋਲ ਜਾਂ ਰਿਹਾਈ ਕਿਉਂ ਨਹੀਂ ਦਿਤੀ ਜਾਂਦੀ। ਇਸ ਲਈ ਪੰਜਾਬ ਵਾਸੀਆਂ ਨੂੰ ਵੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਣ ਤੋਂ ਬਚਣ ਦੀ ਲੋੜ ਹੈ। ਜੇਕਰ ਕੋਈ ਕਦਮ ਚੁੱਕਣ ਦੀ ਲੋੜ ਹੈ ਤਾਂ ਪੂਰੀ ਸੁਚੇਤ ਹੋ ਕੇ ਉਠਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਰਚੀਆਂ ਜਾ ਰਹੀਆਂ ਸਾਜਿਸ਼ਾਂ ਸਫਲ ਨਾ ਹੋਣ।
ਹਰਵਿੰਰ ਸਿੰਘ ਸੱਗੂ ।