ਜਗਰਾਉਂ, 30 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਓਂ ਦੇ ਇੱਕ ਕਰਿਆਨਾ ਵਪਾਰੀ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪਹਿਲਾਂ ਇੱਕ ਮੁਲਜ਼ਮ ਜਗਤਾਰ ਸਿੰਘ ਵਾਸੀ ਪਿੰਡ ਫੇਰੂਕੇ ਨੂੰ ਪੁਲੀਸ ਨੇ ਪੈਸੇ ਲੈਣ ਆਏ ਸਮੇਂ ਮੁੱਠਭੇੜ ਕਰਕੇ ਮੌਕੇ ’ਤੇ ਹੀ ਕਾਬੂ ਕਰ ਲਿਆ ਸੀ। ਜਦੋਂਕਿ ਮੋਟਰਸਾਈਕਲ ’ਤੇ ਪੁਲਿਸ ’ਤੇ ਫਾਇਰਿੰਗ ਕਰਕੇ ਮੌਕੇ ਤੋਂ ਫ਼ਰਾਰ ਹੋਏ ਮੁਲਜ਼ਮ ਸੁਖਵਿੰਦਰ ਸਿੰਘ ਸੁੱਖਾ ਅਤੇ ਉਸਦੇ ਇੱਕ ਹੋਰ ਸਾਥੀ ਅਮਨਦੀਪ ਸਿੰਘ ਵਾਸੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੁਲਸ ’ਤੇ ਗੋਲੀ ਚਲਾਉਣ ਵਾਲੇ ਫਰਾਰ ਦੋਸ਼ੀ ਦੀ ਗ੍ਰਿਫਤਾਰੀ ਲਈ ਸੀਸੀਟੀਵੀ ਕੈਮਰੇ ਦੀ ਜਾਂਚ ਤੋਂ ਬਾਅਦ ਪੁਲਸ ਉਸ ਤੱਕ ਪਹੁੰਚਣ ’ਚ ਕਾਮਯਾਬ ਹੋਈ ਹੈ।
ਪਹਿਲਾਂ ਕੀਤੀ ਵਪਾਰੀ ਦੀ ਰੇਕੀ-ਸੂਤਰਾਂ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਕਤ ਕਰਿਆਨਾ ਵਪਾਰੀ ਦੀ ਜਗਰਾਓਂ ਵਿੱਚ ਪੂਰੀ ਤਰ੍ਹਾਂ ਨਾਲ ਰੇਕੀ ਕੀਤੀ ਗਈ ਸੀ ਅਤੇ ਉਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਹਾਸਲ ਕੀਤੀ ਗਈ ਸੀ। ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਵਿੱਚ ਵੱਡੀ ਗੱਲ ਇਹ ਹੈ ਕਿ ਪਹਿਲੇ ਦਿਨ ਫੜੇ ਗਏ ਜਗਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਆਪਸ ਵਿਚ ਪਹਿਲਾਂ ਕੋਈ ਪਛਾਣ ਨਹੀਂ ਸੀ। ਇਨ੍ਹਾਂ ਦੋਵਾਂ ਨੂੰ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡਾਲਾ ਨੇ ਫਿਲੀਪੀਨਜ਼ ਤੋਂ ਜਗਤਾਰ ਸਿੰਘ ਦੇ ਭਰਾ ਅਮਰੀਕ ਸਿੰਘ ਅਤੇ ਇਕ ਹੋਰ ਵਿਅਕਤੀ ਰਾਹੀਂ ਦੋਵਾਂ ਨੂੰ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ। ਦੋਵਾਂ ਨੂੰ ਲੋਕੇਸ਼ਨ ਦੱਸ ਕੇ ਹੀ ਇਕ ਦੂਸਰੇ ਤੱਕ ਪੰਹੁਚਾਇਆ ਗਿਆ ਸੀ। ਦੋਵਾਂ ਕੋਲ ਇਕ-ਦੂਜੇ ਦੇ ਮੋਬਾਈਲ ਫੋਨ ਨੰਬਰ ਵੀ ਨਹੀਂ ਸਨ ਅਤੇ ਨਾ ਹੀ ਉਹ ਇਕ-ਦੂਜੇ ਨੂੰ ਜਾਣਦੇ ਸਨ। ਜਿਸ ਕਾਰਨ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅਰਸ਼ ਡਾਲਾ ਦੇ ਨਾਂ ’ਤੇ ਮੰਗੀ ਜਾ ਰਹੀ ਫਿਰੌਤੀ ਸਬੰਧੀ ਫੋਨ ’ਤੇ ਧਮਕੀਆਂ ਦਾ ਖੁਲਾਸਾ ਅਤੇ ਅਸਲੀਅਤ ਸਾਹਮਣੇ ਆ ਸਕੇਗੀ।