ਗੁਰਦਾਸਪੁਰ,(ਰੋਹਿਤ ਗੋਇਲ – ਰਾਜਨ ਜੈਨ): ਗੁਰਦਾਸਪੁਰ ਦੇ ਵੀਰਪਾਲ ਅਤੇ ਭਾਰੀ ਟ੍ਰੈਫਿਕ ਵਾਲੇ ਇਲਾਕੇ ਮੰਡੀ ਚੌਕ ਰੇਲਵੇ ਕਰਾਸਿੰਗ ਨੇੜੇ ਦਿਨ ਦਿਹਾੜੇ ਬੱਸ ਦੀ ਉਡੀਕ ਕਰ ਰਹੀ ਇਕ ਲੜਕੀ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆਈਫੋਨ ਖੋਹ ਲਿਆ ਅਤੇ ਫਰਾਰ ਹੋ ਗਏ।ਸ਼ਾਮ ਕਰੀਬ 4 ਵਜੇ ਜੰਮੂ ਦੀ ਰਹਿਣ ਵਾਲੀ ਇਕ ਲੜਕੀ ਮੰਡੀ ਚੌਕ ਨਾਲ ਲੱਗਦੇ ਰੇਲਵੇ ਫਾਟਕ ਕੋਲ ਜੰਮੂ ਜਾਣ ਵਾਲੀ ਬੱਸ ਦਾ ਇੰਤਜ਼ਾਰ ਕਰਨ ਲਈ ਖੜ੍ਹੀ ਸੀ।ਇਸੇ ਦੌਰਾਨ ਉਸ ਨੂੰ ਕਾਲ ਆਈ ਅਤੇ ਉਹ ਆਪਣੇ ਆਈ-ਫੋਨ ਤੋਂ ਕਾਲ ਸੁਣ ਰਹੀ ਸੀ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਆ ਕੇ ਲੜਕੀ ਤੋਂ ਮੋਬਾਈਲ ਫੋਨ ਖੋਹ ਲਿਆ।ਜਦੋਂ ਤੱਕ ਲੜਕੀ ਨੇ ਰੌਲਾ ਪਾਇਆ, ਉਦੋਂ ਤੱਕ ਲੁਟੇਰੇ ਉਥੋਂ ਭੱਜ ਚੁੱਕੇ ਸਨ।ਲੋਕਾਂ ਨੇ ਨੌਜਵਾਨਾਂ ਦਾ ਕਾਫੀ ਪਿੱਛਾ ਕੀਤਾ ਪਰ ਉਹ ਕਾਬੂ ਨਹੀਂ ਆ ਸਕੇ।ਪੀੜਤ ਲੜਕੀ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਫੜ ਕੇ ਉਸ ਦਾ ਫੋਨ ਵਾਪਸ ਦਵਾਇਆ ਜਾਵੇ।ਜ਼ਿਕਰਯੋਗ ਹੈ ਕਿ ਗੁਰਦਾਸਪੁਰ ‘ਚ ਦਿਨ-ਬ-ਦਿਨ ਚੋਰੀ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ, ਪੁਲਿਸ ਚੋਰੀਆਂ, ਖੋਹਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ‘ਤੇ ਸ਼ਿਕੰਜਾ ਕੱਸਣ ‘ਚ ਨਾਕਾਮ ਸਾਬਤ ਹੋ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਇੱਕ ਅਖਬਾਰ ਦੇ ਦਫਤਰ ਦੇ ਬਾਹਰੋਂ ਦਿਨ ਦਿਹਾੜੇ ਇੱਕ ਪੱਤਰਕਾਰ ਦੀ ਬਾਈਕ ਚੋਰੀ ਹੋ ਗਈ ਸੀ, ਇਸ ਘਟਨਾ ਨੂੰ ਦੋ ਹਫਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਪੁਲਿਸ ਇਸ ਬਾਰੇ ਕੋਈ ਸੁਰਾਗ ਨਹੀਂ ਲਗਾ ਸਕੀ, ਦੂਜੀ ਘਟਨਾ ਜਿਸ ਵਿੱਚ ਚੋਰਾਂ ਨੇ ਪੱਤਰਕਾਰ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾ ਕੇ ਤਾਲੇ ਤੋੜ ਕੇ ਅੰਦਰ ਪਈ ਨਗਦੀ ਚੋਰੀ ਕਰ ਲਈ ਅਤੇ ਉਸ ਤੋਂ ਬਾਅਦ ਅੱਜ ਮੰਡੀ ਚੌਂਕ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਲੁੱਟ ਦੀ ਘਟਨਾ ਨੇ ਪੁਲਿਸ ਦੇ ਸੁਸਤ ਰਵੱਈਏ ਦੀ ਪੋਲ ਖੋਲ੍ਹ ਦਿੱਤੀ ਹੈ।