ਪਟਿਆਲਾ 2 ਫਰਵਰੀ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਸਿਵਲ ਸਰਜਨ ਪਟਿਆਲਾ ਡਾ: ਦਲਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ 30 ਜਨਵਰੀ ਤੋਂ 13 ਫਰਵਰੀ 2023 ਤੱਕ ਚਲਾਏ ਜਾ ਰਹੇ ਕੁਸ਼ਟ ਰੋਗ ਦੀ ਜਾਗਰੂਕਤਾ ਅਤੇ ਖਾਤਮੇ ਸਬੰਧੀ ਚਲਾਏ ਜਾ ਰਹੇ ਪੰਦਰਵਾੜੇ ਤਹਿਤ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਅਤੇ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਕੁਸ਼ਟ ਰੋਗ ਦੇ ਵਿਰੁੱਧ ਆਖਰੀ ਯੁੱਧ ਤਹਿਤ ਜਾਦੂਗਰ ਜਗਦੇਵ ਅਲਾਰਮ ਦੁਆਰਾ ਜਾਦੂ ਦੇ ਮਾਧਿਅਮ ਰਾਹੀ ਕੁਸ਼ਟ ਰੋਗ ਅਤੇ ਤਪਦਿਕ ਰੋਗ ਦੇ ਸਬੰਧੀ ਜਾਗਰੂਕਤਾ ਸੈਮੀਨਾਰ ਅਤੇ ਸ਼ੋਅ ਕਰਵਾਇਆ ਗਿਆ। ਇਸ ਦੌਰਾਨ ਸਕੂਲੀ ਵਿਿਦਆਰਥੀਆਂ ਨੂੰ ਜਾਦੂਗਰ ਜਗਦੇਵ ਅਲਾਰਮ ਵੱਲੋਂ ਜਾਦੂ ਦੇ ਰਾਹੀ ਵਿਸ਼ੇਸ਼ ਲੈਕਚਰ ਕਰਕੇ ਚਮੜੀ ਦੇ ਰੋਗਾਂ ਦੇ ਨਾਲ ਨਾਲ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ, ਤਪਦਿਕ ਰੋਗ ਅਤੇ ਇਸਦੇ ਮੈਡੀਕਲ ਉਪਚਾਰ ਅਤੇ ਸਾਵਧਾਨੀਆਂ ਬਾਰੇ ਵਿਸਥਾਰ ਵਿੱਚ ਜਾਦੂ ਦੀਆਂ ਕਲਾਵਾਂ ਸਹਿਤ ਮਨੋਰੰਜਨ ਕਰਦਿਆਂ ਜਾਣਕਾਰੀ ਦਿੱਤੀ। ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਤਪਦਿਕ ਰੋਗ ਦੇ ਫੈਲਣ ਦੇ ਕਾਰਣਾਂ, 2 ਹਫਤਿਆਂ ਤੋਂ ਜਿਆਦਾ ਖਾਂਸੀ ਰਹਿਣ ਉਤੇ ਬਲਗਮ ਦੀ ਸਰਕਾਰੀ ਸਿਹਤ ਕੇਂਦਰਾਂ ਵਿੱਚ ਜਾਂਚ, ਇਸਦੇ ਇਲਾਜ਼ ਤੋਂ ਇਲਾਵਾ ਲੈਪਰੋਸੀ ਰੋਗ ਦੇ ਕਾਰਣਾਂ ਅਤੇ ਲੱਛਣਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਤਰ੍ਹਾਂ ਜ਼ਿਲ੍ਹਾ ਲੈਪਰੋਸੀ ਅਫਸਰ ਡਾ: ਦਿਵਆ ਚਾਵਲਾ, ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ,ਲੈਪਰੋਸੀ ਸੁਪਰਵਾਇਜ਼ਰ ਕੁਲਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੁਸ਼ਟ ਰੋਗ ਇਕ ਚਮੜੀ ਦਾ ਰੋਗ ਹੈ ਜੋ ਕਿ ਵਿਸ਼ੇਸ਼ ਕਿਟਾਣੂ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ।ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸ਼ਰੀਰ ਦੇ ਅੰਗਾਂ ਦੀ ਕਰੂਪਤਾਂ ਅਤੇ ਅਪਾਹਜਪਣ ਤੋ ਬਚਿਆ ਜਾ ਸਕਦਾ ਹੈ।ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀਂ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ।ਇਸ ਦੌਰਾਨ ਐਸਟੀਐਸ ਅਮਨਪ੍ਰੀਤ ਕੌਰ ਵੱਲੋਂ ਵਿਿਦਆਰਥੀਆਂ ਨੂੰ ਟੀਬੀ ਅਤੇ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਪੈਫਲੈਟ ਵੀ ਵੰਡੇ ਗਏ।ਅਖੀਰ ਬੀਈਈ ਸਰਬਜੀਤ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਦੇ ਪ੍ਰਿੰਸੀਪਲ ਡਾ: ਰੁਪੇਸ਼ ਦੀਵਾਨ ਅਤੇ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਡਾ: ਸੁਰਿੰਦਰਾ ਨਾਗਰ ਅਤੇ ਸਮੂਹ ਸਟਾਫ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਬਦਲੇ ਧੰਨਵਾਦ ਕੀਤਾ। ਇਸ ਦੌਰਾਨ ਆਰਬੀਐਸਕੇ ਡਾ: ਨਵਜੋਤ ਸਿੰਘ ਢੋਟ, ਮਲਟੀਪਰਪਜ਼ ਵਰਕਰ ਗੁਰਤੇਜ਼ ਸਿੰਘ, ਦੀਪ ਸਿੰਘ ਸਮੇਤ ਸਕੂਲ ਸਟਾਫ ਹਾਜਰ ਸੀ।