ਜਗਰਾਉਂ, 22 ਮਈ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵਿਖੇ ਪ੍ਰਸ਼ਨ ਮੰਚ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ।ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ, ਗਾਇਨ ਪੋਸਟਰ ਅਤੇ ਪ੍ਰਸ਼ਨ ਮੰਚ ਪ੍ਰਤੀਯੋਗਿਤਾ ਪ੍ਰਿੰਸੀਪਲ ਨੀਲੂ ਨਰੂਲਾ ਅਗਵਾਈ ਅਧੀਨ ਆਯੋਜਨ ਕੀਤਾ ਗਿਆ।ਉਪਰੰਤ ਅਧਿਆਪਕਾ ਗਗਨਦੀਪ ਕੌਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਵਿੱਚ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ ।ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਉਨ੍ਹਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਨਾਲ ਨਿਵਾਜਿਆ। ਤਰਨਤਾਰਨ, ਕਰਤਾਰਪੁਰ ,ਹਰਗੋਬਿੰਦਪੁਰ ਤੇ ਲਾਹੌਰ ਵਿਖੇ ਬਾਉਲੀ ਦਾ ਨਿਰਮਾਣ ਹੋਣ ਨਾਲ ਸਿੱਖ ਧਰਮ ਦਾ ਬਹੁਤ ਵਿਕਾਸ ਹੋਇਆ। 1606 ਈ: ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਿੱਖ ਪੰਥ ਵਿਚ ਇਕ ਨਵੀਂ ਰੂਹ ਫੂਕੀ।ਉਪਰੰਤ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਸ਼ਬਦ ਗਾਏ ਗਏ ।ਬੱਚਿਆਂ ਦੁਆਰਾ ਗਾਏ ਸ਼ਬਦਾਂ ਨਾਲ ਸਾਰਾ ਵਾਤਾਵਰਣ ਅਨੰਦਿਤ ਹੋ ਗਿਆ ਅਤੇ ਭਗਤੀ ਰਸ ਭਰਪੂਰ ਹੋ ਗਿਆ।ਫਿਰ ਅਧਿਆਪਕਾ ਪਵਿੱਤਰ ਕੌਰ ਵੱਲੋਂ ਪ੍ਰਸ਼ਨ ਮੰਚ ਪ੍ਰਤੀਯੋਗਤਾ ਸ਼ੁਰੂ ਕਰਵਾਈ ।ਜਿਸ ਵਿੱਚ ਜਮਾਤ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ। ਪ੍ਰਤੀਯੋਗਿਤਾ ਵਿਚ ਜਮਾਤ ਨੌਂਵੀ ਨੇ ਪਹਿਲਾ ਸਥਾਨ, ਜਮਾਤ ਬਾਰ੍ਹਵੀਂ ਨੇ ਦੂਸਰਾ ਸਥਾਨ ਅਤੇ ਜਮਾਤ ਦਸਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਪ੍ਰਿੰਸੀਪਲ
ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਲੋੜ ਹੈ, ਆਪਣੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣ ਲਈ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਉਤੇ ਚੱਲ ਕੇ ਅਸੀਂ ਆਪਣੇ ਦੇਸ਼ ਤੇ ਕੌਮ ਲਈ ਕੁੱਝ ਚੰਗਾ ਕਰ ਸਕਦੇ ਹਾਂ। ਕਿਉਂਕਿ ਅਜ਼ਿਹੀਆਂ ਰੁਹਾਨੀ ਰੂਹਾਂ ਦੁਨੀਆਂ ਤੇ ਬਾਰ-ਬਾਰ ਨਹੀ ਆਉਂਦੀਆਂ। ਅੰਤ ਵਿੱਚ ਅਸੀਂ ਆਪਣੇ ਗੁਰੂਆਂ ਨੂੰ ਸ਼ਤ ਸ਼ਤ ਨਮਸਕਾਰ ਕਰਦੇ ਹਾਂ।