ਪੁਲਿਸ ਨੇ ਉਸ ਦੀ ਕਾਰ ਦੇ ਟਾਇਰ ’ਚ ਮਾਰੀ ਗੋਲੀ,ਭੱਜਣ ਦੀ ਕੋਸ਼ਿਸ਼ ਕਰ ਰਿਹਾ ਸਮਗਲਰ ਕਾਬੂ
ਚਲਾਈਆਂ ਗਈਆਂ ਗੋਲੀਆਂ ਦੇ ਮੌਕੇ ਤੋਂ ਪੰਜ ਖੋਲ ਬਰਾਮਦ
ਜਗਰਾਓਂ, 7 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ, ਮੋਹਿਤ ਜੈਨ )- ਮੰਗਲਵਾਰ ਸ਼ਾਮ ਕਰੀਬ 6 ਵਜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਗੱਡੀ ਭਜਾ ਕੇ ਲੈ ਜਾ ਰਹੇ ਵਿਅਕਤੀ ਨੇ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਨਜ਼ਾਰਾ ਸਥਾਨਕ ਲਾਜਪਤ ਰਾਏ ਰੋਡ ’ਤੇ ਦੇਖਣ ਨੂੰ ਮਿਲਿਆ। ਦਿਨ ਦਿਹਾੜੇ ਸਰ੍ਹਏ ਬਾਜਾਰ ਚੱਲੀਆਂ ਤਾਬੜਤੋੜ ਗੋਲੀਆਂ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਤੇ ਭੱਜਣ ਲੱਗੇ। ਮੌਕੇ ਤੋਂ ਚੱਲੀਆਂ ਹੋਈਆਂ ਗੋਲੀਆਂ ਪੰਜ ਖੋਲ ਬਰਾਮਦ ਕੀਤੇ ਗਏ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਾਮੀ ਤਸਕਰ ਦੀ ਸੂਚਨਾ ਮਿਲਣ ’ਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਦੀ ਅਗੁਵਾਈ ਹੇਠ ਪੁਲਿਸ ਪਾਰਟੀ ਨੇ ਸ਼ਿਵ ਮੰਦਿਰ ਨੇੜੇ ਡੀਏਵੀ ਕਾਲਜ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਹੁੰਡਈ ਦੀ ਸਕੋਟਾ ਗੱਡੀ ਉਥੇ ਆਈ। ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਸੀ.ਆਈ.ਏ ਸਟਾਫ਼ ਦੇ ਇੰਚਾਰਜ ’ਤੇ ਫਾਇਰਿੰਗ ਕਰ ਦਿੱਤੀ ਅਤੇ ਪੁਲਿਸ ਵੱਲੋਂ ਲਗਾਏ ਗਏ ਬੈਰੀਗੇਟਾਂ ਨੂੰ ਤੋੜਦੇ ਹੋਏ ਅੱਗੇ ਖੜ੍ਹੀਆਂ ਪੁਲਿਸ ਦੀਆਂ ਤਿੰਨ ਗੱਡੀਆਂ ਨੂੰ ਟੱਕਰ ਮਾਰਕੇ ਅੱਗੇ ਫਾਇਰਿੰਗ ਕਰਦਾ ਹੋਇਆ ਗੱਡੀ ਤੇਜੀ ਨਾਲ ਭਜਾਉਣ ਲੱਗਾ। ਉਸ ਦਾ ਪਿੱਛਾ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਕੀਤਾ ਅਤੇ ਉਸ ਦੀ ਗੱਡੀ ਦੇ ਪਿਛਲੇ ਟਾਇਰਾਂ ਵਿੱਚ ਗੋਲੀ ਮਾਰ ਦਿੱਤੀ। ਟਾਇਰ ਫਟਣ ਦੇ ਬਾਵਜੂਦ ਵੀ ਉਹ ਆਪਣੀ ਕਾਰ ਨੂੰ ਉਸੇ ਰਫਤਾਰ ਨਾਲ ਭਜਾਉਂਦਾ ਰਿਹਾ। ਰਸਤੇ ਵਿੱਚ ਆਉਣ ਵਾਲੇ ਹਰ ਵਾਹਨ ਨੂੰ ਟੱਕਰ ਮਾਰਦਾ ਹੋਇਆ ਅੱਗੇ ਵਧਜਾ ਗਿਆ। ਉਸਦੀ ਟੱਕਰ ਨਾਲ ਕਈ ਗੱਡੀਆਂ ਅਤੇ ਆਟੋ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਅੱਗੋਂ ਰੇਲਵੇ ਪੁਲ ਦੇ ਹੇਠਾਂ ਤੋਂ ਲੰਘਦਿਆਂ ਡਾ: ਮੈਨੀ ਦੇ ਹਸਪਤਾਲ ਨੇੜੇ ਇਕੱਲਾ ਰਸਤਾ ਹੋਣ ਕਾਰਨ ਉਹ ਆਵਾਜਾਈ ਵਿਚ ਫਸ ਗਿਆ। ਜਿਸ ਨੂੰ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਉਸ ਨੂੰ ਅਤੇ ਉਸ ਦੀ ਗੱਡੀ ਨੂੰ ਸੀ.ਆਈ.ਏ ਸਟਾਫ਼ ਲਿਜਾਇਆ ਗਿਆ। ਫਿਲਹਾਲ ਪੁਲਿਸ ਅਧਿਕਾਰੀ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਸਕੇ ਹਨ।
ਕੀ ਕਹਿਣਾ ਹੈ ਐਸਐਸਪੀ ਦਾ – ਇਸ ਸਬੰਧੀ ਜਦੋਂ ਐਸਐਸਪੀ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਸਾਰੀਆਂ ਬੇਬੁਨਿਆਦ ਹਨ। ਇਹ ਵਿਅਕਤੀ ਪੁਲਿਸ ਦਾ ਬੈਰੀਅਰ ਤੋੜ ਕੇ ਭੱਜ ਰਿਹਾ ਸੀ। ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।