ਹਠੂਰ, 8 ਫਰਵਰੀ ( ਬੌਬੀ ਸਹਿਜਲ, ਅਸ਼ਵਨੀ )-ਡੇਅਰੀ ਲਈ ਆਟੋ ਵਿੱਚ ਦੁੱਧ ਇਕੱਠਾ ਕਰਕੇ ਘਰ ਪਰਤ ਰਹੇ ਇੱਕ ਵਿਅਕਤੀ ਨੂੰ ਰਸਤੇ ਵਿੱਚ ਆਲਟੋ ਕਾਰ ਵਿੱਚ ਸਵਾਰ 5-6 ਅਣਪਛਾਤੇ ਲੁਟੇਰਿਆਂ ਨੇ ਘੇਰ ਲਿਆ ਅਤੇ ਲੁੱਟ-ਖੋਹ ਕਰਕੇ ਫਰਾਰ ਹੋ ਗਏ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਵਤਾਰ ਸਿੰਘ ਤਾਰੀ ਵਾਸੀ ਪਿੰਡ ਮਾਣੂੰਕੇ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਆਪਣੀ ਡੇਅਰੀ ਲਈ ਦੁੱਧ ਇਕੱਠਾ ਕਰਕੇ ਛੋਟੇ ਹਾਥੀ ਟੈਂਪੂ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਮਾਣੂੰਕੇ ਜਾ ਰਿਹਾ ਸੀ। ਰਸਤੇ ਵਿੱਚ ਇੱਕ ਸਫੇਦ ਰੰਗ ਦੀ ਆਲਟੋ ਕਾਰ ਮੇਰੇ ਆਟੋ ਦੇ ਕੋਲ ਰੁਕੀ ਅਤੇ ਉਸ ਵਿੱਚੋਂ 5-6 ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਨਿਕਲੇ , ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਕੋਲ ਜੋ ਵੀ ਹੈ ਉਹ ਕੱਢ ਦੇਣ ਲਈ ਕਿਹਾ ਅਤੇ ਮੇਰੀ ਕੁੱਟਮਾਰ ਕਰਦੇ ਹੋਏ ਮੇਰੀ ਜੇਬ ਵਿੱਚੋਂ 800 ਰੁਪਏ ਅਤੇ ਮੋਬਾਈਲ ਫੋਨ ਖੋਹ ਲਿਆ ਅਤੇ ਆਪਣੀ ਕਾਰ ਵਿੱਚ ਪਿੰਡ ਲੱਖਾ ਵੱਲ ਫਰਾਰ ਹੋ ਗਏ। ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਹਠੂਰ ਵਿੱਚ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।