ਬੀਜਾ ਠੇਕਾ ਲੁੱਟਣ ਮਗਰੋਂ ਖੰਨਾ ਅਨਾਜ ਮੰਡੀ ਬਾਹਰ ਲੁੱਟਿਆ ਠੇਕਾ
ਖੰਨਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਇਲਾਕੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਰਾਤ ਬਾਈਕ ਸਵਾਰ 2 ਲੁਟੇਰਿਆਂ ਨੇ ਸ਼ਰਾਬ ਦੇ ਦੋ ਠੇਕਿਆਂ ਨੂੰ ਇੱਕੋ ਤਰੀਕੇ ਨਾਲ ਲੁੱਟਿਆ। ਪਹਿਲਾਂ ਬੀਜਾ ‘ਚ ਸ਼ਰਾਬ ਦੇ ਠੇਕੇ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਕਰੀਬ 12 ਕਿਲੋਮੀਟਰ ਦੂਰ ਖੰਨਾ ਦੇ ਜੀ.ਟੀ ਰੋਡ ‘ਤੇ ਅਨਾਜ ਮੰਡੀ ਨੇੜੇ ਠੇਕਾ ਲੁੱਟਿਆ ਗਿਆ। ਦੋਵਾਂ ਘਟਨਾਵਾਂ ਤੋਂ ਬਾਅਦ ਸ਼ਰਾਬ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਹੈ। ਸਥਾਨਕ ਜੀ.ਟੀ ਰੋਡ ‘ਤੇ ਸਥਿਤ ਅਨਾਜ ਮੰਡੀ ਦੇ ਗੇਟ ਨੇੜੇ ਦੋ ਨੌਜਵਾਨਾਂ ਨੇ ਬੜੀ ਚਲਾਕੀ ਨਾਲ ਠੇਕੇ ‘ਚ ਪਏ ਗੱਲੇ ਨੂੰ ਚੁੱਕ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਠੇਕਾ ਮੁਲਾਜ਼ਮਾਂ ਅਤੇ ਅਹਾਤੇ ਦੇ ਨੌਕਰਾਂ ਨੇ ਪਿੱਛਾ ਵੀ ਕੀਤਾ ਪਰ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਠੇਕਾ ਸਰਦਾਰ ਵਾਈਨ ਕੰਪਨੀ ਦਾ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਸ਼ਰਾਬ ਕਾਰੋਬਾਰੀ ਸੁੱਖੀ ਸਵੈਚ ਨੇ ਦੱਸਿਆ ਕਿ ਦੋ ਸਰਦਾਰ ਨੌਜਵਾਨ ਪਹਿਲਾਂ ਅਹਾਤੇ ‘ਤੇ ਬੈਠੇ ਸ਼ਰਾਬ ਪੀ ਰਹੇ ਸਨ। ਇਸ ਤੋਂ ਬਾਅਦ ਓਹਨਾਂ ਨੇ ਕਰਿੰਦੇ ਤੋਂ ਕੁਆਰਟਰ ਮੰਗਿਆ ਅਤੇ ਇਸ ਦੌਰਾਨ ਇਕ ਲੜਕੇ ਨੇ ਮੋਟਰਸਾਈਕਲ ਸਟਾਰਟ ਕਰ ਲਿਆ ਅਤੇ ਦੂਜੇ ਲੜਕੇ ਨੇ ਉਥੇ ਪਏ ਗੱਲੇ ਨੂੰ ਚੁੱਕ ਲਿਆ ਅਤੇ ਮੋਟਰਸਾਈਕਲ ‘ਤੇ ਲੁਧਿਆਣਾ ਵੱਲ ਭੱਜ ਗਏ। ਗੱਲੇ ਵਿੱਚ ਕਰੀਬ 40000 ਰੁਪਏ ਸਨ। ਦੂਜੇ ਪਾਸੇ ਬੀਜਾ ਵਿੱਚ ਹੋਈ ਲੁੱਟ ਸਬੰਧੀ ਜਾਣਕਾਰੀ ਦਿੰਦਿਆਂ ਠੇਕਾ ਮੁਲਾਜ਼ਮ ਪੂਰਨ ਚੰਦ ਨੇ ਦੱਸਿਆ ਕਿ ਦੋ ਲੁਟੇਰੇ ਮੂੰਹ ਢੱਕ ਕੇ ਮੋਟਰਸਾਈਕਲ ’ਤੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਸਨੂੰ ਡਰਾ ਧਮਕਾ ਕੇ ਗੱਲੇ ‘ਚੋਂ ਕਰੀਬ 19 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ | ਪੂਰਨ ਚੰਦ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਕੋਲ ਡੰਡੇ ਵੀ ਸਨ। ਉਸ ਨੂੰ ਡੰਡਾ ਦਿਖਾ ਕੇ ਡਰਾਇਆ ਗਿਆ, ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
