“ਭਾਸ਼ਾ ਵਿਭਾਗ ਵੱਲੋਂ ਕੀਤੇ ਉਪਰਾਲਿਆਂ ਸਦਕਾ ਪੰਜਾਬੀ ਭਾਸ਼ਾ ਦੀਆਂ/ਜੜ੍ਹਾਂ ਮਜ਼ਬੂਤ ਹੋਣਗੀਆਂ – ਸਹਾਇਕ ਕਮਿਸ਼ਨਰ”
ਮਾਨਸਾ, 15 ਫਰਵਰੀ (ਲਿਕੇਸ਼ ਸ਼ਰਮਾ – ਅਸ਼ਵਨੀ) : ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸ਼ਲਾਘਾਯੋਗ ਹਨ।ਅਜਿਹੇ ਉਪਰਾਲਿਆਂ ਨਾਲ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜ) ਹਰਜਿੰਦਰ ਸਿੰਘ ਜੱਸਲ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਜਨ ਚੇਤਨਾ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕਰਨ ਦੌਰਾਨ ਕੀਤਾ।ਇਸ ਮੌਕੇ ਉਨ੍ਹਾਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ੍ਰੀ ਗੁਰਲਾਭ ਸਿੰਘ,ਜ਼ਿਲ੍ਹਾ ਭਾਸ਼ਾ ਅਫ਼ਸਰ ਤਜਿੰਦਰ ਕੌਰ, ਖੋਜ ਅਫ਼ਸਰ ਗੁਰਪ੍ਰੀਤ,ਹਰਦੀਪ ਸਿੰਘ ਸਿੱਧੂ, ਮੈਨੇਜ਼ਰ ਸਟੇਟ ਬੈਂਕ ਆਫ ਇੰਡੀਆ ਰਾਕੇਸ਼ ਕੁਮਾਰ ਗਰਗ,ਵਰੁਣ ਕੁਮਾਰ ਮਾਲਵਾ,ਪ੍ਰੋਜੈਕਟ ਚੇਅਰਮੈਨ ਆਸਰਾ ਲੋਕ ਸੇਵਾ ਕਲੱਬ ਤਰਸੇਮ ਚੰਦ ਸੇਮੀ ’ਤੇ ਹੋਰ ਸਖਸ਼ੀਅਤਾਂ ਮੌਜੂਦ ਸਨ।ਸਹਾਇਕ ਕਮਿਸ਼ਨਰ ਨੇ ਕਿਹਾ ਕਿ ਇਨਸਾਨ ਸਭ ਤੋਂ ਵਧੀਆਂ ਸੰਚਾਰ ਆਪਣੀ ਮਾਂ ਬੋਲੀ ਵਿਚ ਹੀ ਕਰ ਸਕਦਾ ਹੈ। ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਘਰ ਸਭ ਤੋਂ ਪਹਿਲੀ ਪਾਠਸ਼ਾਲਾ ਹੈ।ਉਨ੍ਹਾਂ ਅਪੀਲ ਕੀਤੀ ਕਿ ਨਵੀਂ ਪੀੜ੍ਹੀ ਨੂੰ ਸਾਡੀ ਮਾਂ ਬੋਲੀ ਪੰਜਾਬੀ ਨਾਲ ਜੋੜ ਕੇ ਰੱਖਣ ਲਈ ਹਰ ਪੰਜਾਬੀ ਨੂੰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਵੱਖ-ਵੱਖ ਸਕੂਲੀ ਬੱਚਿਆਂ ਦੀ ਜਨ ਚੇਤਨਾ ਰੈਲੀ ਨੂੰ ਰਵਾਨਾ ਕੀਤਾ।ਇਸ ਮੌਕੇ ਜਨ ਚੇਤਨਾ ਰੈਲੀ ਲਈ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਨ ਚੇਤਨਾ ਰੈਲੀ ਵਿਚ ਦਸਮੇਸ਼ ਸਕੂਲ ਮਾਨਸਾ, ਦਾ ਰੇਨੈਂਸਾ ਸਕੂਲ ਮਾਨਸਾ, ਸ.ਸ.ਸ. ਸਕੂਲ (ਲੜਕੇ) ਮਾਨਸਾ, ਸਰਕਾਰੀ ਕੰਨਿਆ ਸਕੂਲ ਮਾਨਸਾ, ਵਿੱਦਿਆ ਭਾਰਤੀ ਸਕੂਲ ਮਾਨਸਾ ਅਤੇ ਆਰੀਆ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਦਿਆਂ ਸਲੋਗਨ ਬੋਰਡਾਂ, ਨਾਅਰਿਆਂ ਅਤੇ ਗੀਤਾਂ ਰਾਹੀਂ ਸ਼ਹਿਰ ਵਾਸੀਆਂ ਨੂੰ ਪੰਜਾਬੀ ਭਾਸ਼ਾ ਨੂੰ ਪਹਿਲ ਅਤੇ ਅਹਿਮੀਅਤ ਦੇਣ ਦਾ ਹੋਕਾ ਦਿੱਤਾ। ਦੁਕਾਨਦਾਰਾਂ ਨੂੰ ਆਪਣੇ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਲਿਖਵਾਉਣ ਲਈ ਅਪੀਲ ਕੀਤੀ ਗਈ।ਜਨ ਚੇਤਨਾ ਰੈਲੀ ਵਿਚ ‘ਗੁਰਮੁਖੀ ਸਭ ਤੋਂ ਉੱਤੇ ਲਿਖਾਵਾਂ, ਉਸ ਤੋਂ ਥੱਲੇ ਹੋਰ ਭਾਸ਼ਾਵਾਂ’, ‘ਮਾਂ ਬੋਲੀ ਦੀ ਸ਼ਾਨ ਵਧਾਈਏ, ਦੁਕਾਨਾਂ ਦੇ ਬਾਹਰ ਨਾਂ ਗੁਰਮੁਖੀ ਵਿਖ ਲਿਖਵਾਈਏ’, ‘ਗੁਰਮੁਖੀ ਨੂੰ ਦਿਲੀਂ ਵਸਾਈਏ, ਮਾਂ ਬੋਲੀ ਦਾ ਮਾਣ ਵਧਾਈਏ’ ਅਤੇ ‘ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ’ ਦੇ ਸਲੋਗਨਾਂ ਨਾਲ ਸ਼ਹਿਰ ਪੰਜਾਬੀ ਭਾਸ਼ਾ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।