ਜੋਧਾਂ, 15 ਫਰਵਰੀ ( ਬਾਰੂ ਸੱਗੂ)- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਛੇਵੀਂ ਸੂਬਾ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਦਿੱਲੀ ਮੋਰਚਾ ਜਿੱਤਣ ਅਤੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਜਮਹੂਰੀ ਕਿਸਾਨ ਸਭਾ ਦਾ ਅਹਿਮ ਰੋਲ ਰਿਹਾ ਹੈ। ਇਸ ਮੋਰਚੇ ਨੇ ਸਾਨੂੰ ਸੰਘਰਸ਼ ਕਰਨ ਦੀ ਸਮਝ ਨਹੀਂ ਦਿੱਤੀ ਸਗੋਂ ਇਸ ਦੇ ਕਾਰਨਾਂ ਬਾਰੇ ਸਪੱਸ਼ਟ ਕੀਤਾ ਹੈ ਕਿ ਕਾਰਪੋਰੇਟ ਘਰਾਣੇ ਸਮੱਸਿਆ ਦਾ ਕਾਰਨ ਬਣੇ ਹਨ। ਪ੍ਰੋ. ਜਗਮੋਹਣ ਸਿੰਘ ਨੇ ਅੱਗੇ ਕਿਹਾ ਕਿ ਦੇਸ਼ ਭਰ ‘ਚ ਫਾਸ਼ੀਵਾਦ ਦਾ ਖਤਰਾ ਵੱਧ ਰਿਹਾ ਹੈ, ਜਿਸ ਦਾ ਇਕੱਠੇ ਹੋ ਕੇ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਰਪੋਰਟ ਵਲੋਂ ਅੱਗੋਂ ਵੀ ਹੋਰ ਹਮਲੇ ਜਾਰੀ ਰਹਿਣਗੇ, ਜਿਸ ਦਾ ਏਕਤਾ ਨਾਲ ਹੀ ਜਵਾਬ ਦਿੱਤਾ ਜਾ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਮਹੂਰੀ ਕਿਸਾਨ ਸਭਾ ਪਹਿਲਾ ਵਾਂਗ ਆਪਣਾ ਬਣਦਾ ਯੋਗਦਾਨ ਪਾਏਗੀ।
ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਇਤਿਹਾਸਕ ਤੌਰ ‘ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਨਾਲ-ਨਾਲ ਅਕਾਲ ਅਤੇ ਹੈਜੇ ਨਾਲ ਇੱਕ ਕਰੋੜ 90 ਲੱਖ ਲੋਕ ਮਾਰੇ ਗਏ। ਇਹ ਕਿਤੇ ਵੀ ਕੁਦਰਤੀ ਤਰੀਕੇ ਨਾਲ ਨਾਲ ਨਹੀਂ ਹੋਇਆ ਸੀ। ਇਸ ਤਰਾਂ ਹੀ ਕਰਤਾਰ ਸਿੰਘ ਸਰਾਭਾ ਦੇ ਮਾਤਾ ਪਿਤਾ ਦੀ ਮੌਤ ਦੇ ਕਾਰਨਾਂ ਬਾਰੇ ਜਾਣ ਕੇ ਹੀ ਉਹ ਸੰਘਰਸ਼ਾਂ ‘ਚ ਕੁੱਦੇ। ਇਸ ਤਰਾਂ ਅਜੋਕੇ ਸਮੇਂ ਦੌਰਾਨ ਵੀ ਮੁਨਾਫ਼ੇ ਦੀ ਦੌੜ ‘ਚ ਕਾਰਪੋਰੇਟ ਵਲੋਂ ਲੁੱਟ ਤੇਜ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਮਝ ਕੇ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਦੌਰ ‘ਚ ਜੈਨੇਟਿਕ ਮੌਡੀਫਾਈਡ ਫ਼ਸਲਾਂ ਨਾਲ ਕੀੜੇਮਾਰ ਦਵਾਈਆਂ ਵੇਚਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਅਤੇ ਸਿਰਫ ਕਿਸਾਨੀ ਲਈ ਹੀ ਖਤਰੇ ਖੜੇ ਹੋਣਗੇ ਸਗੋਂ ਵਾਤਾਵਰਣ, ਸਿਹਤ ਵਰਗੇ ਹੋਰ ਮੁਦੇ ਵੀ ਪ੍ਰਭਾਵਿਤ ਹੋਣਗੇ। ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਪੱਧਰੀ ਕਾਨਫਰੰਸ ਦਾ ਅੱਜ ਸ਼ਹਿਜਾਦ ਦੇ ਮਾਸਟਰ ਪੈਲੇਸ ‘ਚ ਆਗਾਜ਼ ਕੀਤਾ ਗਿਆ। ਜਿਸ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਦਾ ਨਾਮ ਦਿੱਤਾ ਗਿਆ, ਜਿਥੇ ਬਾਬਾ ਗੁਰਮੁਖ ਸਿੰਘ ਲਲਤੋਂ ਹਾਲ ਅਤੇ ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਲੰਗਰ ਹਾਲ ਵੀ ਬਣਾਏ ਗਏ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਪੰਜਾਬ ਅਤੇ ਹਰਿਆਣਾ ਦੀ ਦੋਸਤੀ ਵਧੀ ਹੈ ਅਤੇ ਦੇਸ਼ ਦੇ ਕਿਸਾਨਾਂ ‘ਚ ਲੜਨ ਦੀ ਭਾਵਨਾ ਵੱਧੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਅੰਦੋਲਨ ਦੇ ਸਿੱਟੇ ਵਜੋਂ ਵੱਖ-ਵੱਖ ਹੋਰ ਤਬਕੇ ਸੰਘਰਸ਼ਾਂ ਦੇ ਰਾਹ ਤੁਰ ਰਹੇ ਹਨ ਅਤੇ ਵਿਦੇਸ਼ਾਂ ‘ਚ ਵੀ ਕਿਸਾਨੀ ਮਸਲਿਆਂ ਨੂੰ ਲੈ ਕੇ ਟਰੈਕਟਰ ਮਾਰਚ ਹੋਣ ਲੱਗ ਪਏ ਹਨ।
ਸੰਧੂ ਨੇ ਕਿਹਾ ਕਿ ਵਾਤਾਵਰਣ ਬਚਾਉਣ ਲਈ ਆਮ ਲੋਕ ਵੀ ਹੁਣ ਅੱਗੇ ਆਉਣ ਲੱਗ ਪਏ ਹਨ। ਇਸ ਦੌਰਾਨ ਸੋਮ ਪਾਲ ਹੀਰਾ ਦੀ ਅਗਵਾਈ ‘ਚ ਨਾਟਕ ਪੇਸ਼ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਵਾਤਾਵਰਣ ਅਤੇ ਹੋਰ ਸਮਾਜੀ ਮਸਲਿਆਂ ਨੂੰ ਲੈ ਕੇ ਕੋਰੀਓਗਰਾਫੀਆਂ, ਗੀਤ ਸੰਗੀਤ ਪੇਸ਼ ਕੀਤਾ। ਇਸ ਮੌਕੇ ਇੱਕ ਵਿਸ਼ੇਸ਼ ਅੰਕ ‘ਧਰਤਿ ਸੁਹਾਵੀ’ ਵੀ ਰਲੀਜ਼ ਕੀਤਾ ਗਿਆ। ਰਲੀਜ਼ ਕਰਨ ਮੌਕੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਪ੍ਰੋ. ਜਗਮੋਹਣ ਸਿੰਘ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਬੈਨੀਪਾਲ, ਮੋਹਣ ਸਿੰਘ ਧਮਾਣਾ, ਜਸਵਿੰਦਰ ਸਿੰਘ ਢੇਸੀ, ਓਮ ਪ੍ਰਕਾਸ਼ ਜੋਧਾਂ, ਹਰਨੇਕ ਸਿੰਘ ਗੁਜਰਵਾਲ, ਬਲਰਾਜ ਸਿੰਘ ਕੋਟਉਮਰਾ, ਰਾਜਬੀਰ ਸਿੰਘ ਕਿਲਾ ਰਾਏਪੁਰਾ, ਡਾ. ਅਜੀਰ ਰਾਮ ਸ਼ਰਮਾ ਝਾਂਡੇ ਆਦਿ ਹਾਜ਼ਰ ਸਨ। ਖੁੱਲੇ ਸੈਸ਼ਨ ਉਪਰੰਤ ਬਕਾਇਦਾ ਕਾਨਫਰੰਸ ਦੇ ਆਰੰਭ ‘ਚ ਜਮਹੂਰੀ ਕਿਸਾਨ ਸਭਾ ਦਾ ਝੰਡਾ ਲਹਿਰਾਉਣ ਦੀ ਰਸਮ ਇਨਕਲਾਬੀ ਨਾਅਰਿਆਂ ਦੀ ਗੂੰਜ ‘ਚ ਅਡਾਨੀ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਅੱਗੇ ਲੱਗੇ ਮੋਰਚੇ ਦੇ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋਂ ਦੇ ਬੇਟੇ ਅਵਤਾਰ ਸਿੰਘ ਗੋਗੀ ਨੇ ਅਦਾ ਕੀਤੀ। ਆਰੰਭ ‘ਚ ਡਾ. ਸਤਨਾਮ ਸਿੰਘ ਅਜਨਾਲਾ, ਮੋਹਣ ਸਿੰਘ ਧਮਾਣਾ, ਊਧਮ ਸਿੰਘ ਸੰਗਰੂਰ, ਮੁਖਤਾਰ ਸਿੰਘ ਮੱਲਾ, ਹਰਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਮੰਡਲ ਵਜੋਂ ਚੋਣ ਕੀਤੀ ਗਈ। ਮਗਰੋਂ ਜਨਰਲ ਸਕੱਤਰ ਨੇ ਪਿਛਲੇ ਅਰਸੇ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਜਿਸ ਮਗਰੋਂ ਇਹ ਕਾਨਫਰੰਸ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਮੁੱਚੇ ਸਮਾਗਮ ਦੌਰਾਨ ਡਾ. ਜਸਵਿੰਦਰ ਸਿੰਘ ਕਾਲਖ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਲਗਾਏ ਕੈਂਪ ਦੌਰਾਨ ਮੈਡੀਕਲ ਟੀਮ ਹਾਜ਼ਰ ਸੀ।
