ਬਟਾਲਾ, 17 ਫਰਵਰੀ (ਰੋਹਿਤ ਗੋਇਲ – ਮੋਹਿਤ ਜੈਨ):ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਰੱਖਣ ਦੇ ਮੰਤਵ ਨਾਲ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਅਤੇ ਸ਼ਹਿਰ ਅੰਦਰ ਕੂੜਾ ਕਰਕਟ ਸੜਕਾਂ/ਬਾਹਰ ਆਦਿ ਤੇ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਗਿਆ ਹੈ। ਜਿਸ ਦੇ ਚੱਲਦਿਆਂ ਅੱਜ ਨਗਰ ਨਿਗਮ ਬਟਾਲਾ ਦੀ ਟੀਮ ਨੇ ਸਵਿਸ ਹੋਟਲ (ਜਲੰਧਰ-ਅੰਮ੍ਰਿਤਸਰ ਬਾਈਪਾਸ) ਨੂੰ ਹੋਟਲ ਦੇ ਬਾਹਰ ਕੂੜਾ-ਕਰਕਟ ਸੁੱਟਣ ਵਿਰੁੱਧ ਚਲਾਨ ਕੱਟਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ Dr. Shayari Bhandari,ਕਮਿਸ਼ਨਰ ਨਗਰ ਨਿਗਮ-ਕਮ-ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਨੂੰ ਖੂਬਸੂਰਤ ਰੱਖਣ ਦੇ ਮੰਤਵ ਨਾਲ ਸ਼ਹਿਰ ਅੰਦਰ ਸਫਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਜਿਸ ਦੇ ਚੱਲਦਿਆਂ ਅੱਜ ਨਗਰ ਨਿਗਮ ਬਟਾਲਾ ਦੀ ਟੀਮ ਵਲੋਂ ਸਵਿਸ ਹੋਟਲ (ਜਲੰਧਰ-ਅੰਮ੍ਰਿਤਸਰ ਬਾਈਪਾਸ) ਨੂੰ ਹੋਟਲ ਦੇ ਬਾਹਰ ਕੂੜਾ-ਕਰਕਟ ਸੁੱਟਣ ਵਿਰੁੱਧ ਚਲਾਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਵਿਸ ਹੋਟਲ ਵਲੋਂ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਅਧੀਨ ਉਲੰਘਣਾ ਕੀਤੀ ਗਈ ਹੈ। ਇਸ ਲਈ ਇਸ ਵਿਰੁੱਧ ਉਕਤ ਧਾਰਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਉਨਾਂ ਸਮੂਹ ਹੋਟਲ ਤੇ ਵਪਾਰਿਕ ਅਦਾਰਿਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਜਾਂ ਤਾਂ ਉਹ ਯੂਜਰ ਚਾਰਜਰ ਨਗਰ ਨਿਗਮ ਬਟਾਲਾ ਨੂੰ ਦੇਣ, ਜਿਸ ਨਾਲ ਕਾਰੋਪਰੇਸ਼ਨ ਦੀ ਟਰਾਲੀ ਰਾਹੀਂ ਕੂੜਾ ਕਰਕਟ ਇਕੱਠਾ ਕਰ ਲਿਆ ਜਾਂਦਾ ਹੈ ਜਾਂ ਤਾਂ ਉਹ ਆਪਣੀਆਂ ਪਿੱਟਾਂ ਬਣਾ ਕੇ ਉਸ ਵਿੱਚ ਸੁੱਕਾ ਤੇ ਗਿੱਲਾ ਕੂੜਾ ਵੱਖੋ-ਵੱਖਰਾ ਕਰਕੇ ਰੱਖਣ।ਉਨਾਂ ਸਖ਼ਤ ਲਫਜਾਂ ਵਿੱਚ ਕਿਹਾ ਕਿ ਬਟਾਲਾ ਸ਼ਹਿਰ ਅੰਦਰ ਸਫਾਈ ਵਿਵਸਥਾ ਬਰਕਰਾਰ ਰੱਖਣ ਲਈ ਕਾਰਪੋਰੇਸ਼ਨ ਬਟਾਲਾ ਵਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਲਈ ਕੂੜਾ ਕਰਕਟ ਸੜਕਾਂ ਆਦਿ ਤੇ ਸੁੱਟਣ ਦੀ ਬਜਾਇ ਇਸਦੀ ਸਾਂਭ-ਸੰਭਾਲ ਕਰਨ ਵਿੱਚ ਸਹਿਯੋਗ ਕੀਤਾ ਜਾਵੇ।
