ਮਾਲੇਰਕੋਟਲਾ 17 ਫਰਵਰੀ ( ਰੋਹਿਤ ਗੋਇਲ)-ਮਾਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਅਹਿਮ ਪਹਿਲਕਦਮੀ ਕਰਦਿਆਂ ਜ਼ਿਲ੍ਹੇ ਅੰਦਰ ਸਾਉਣੀ ਸੀਜ਼ਨ 2023-24 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸਗੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਸੰਭਾਲਣ ਅਤੇ ਜ਼ਿਲ੍ਹੇ ਵਿੱਚ ਉਪਲਬਧ ਸੀ.ਆਰ.ਐਮ.( ਮੈਨੇਜਮੈਂਟ ਆਫ਼ ਕਰਾਪ ਰੈਜੀਡਿਊ ਸਕੀਮ) ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਰਣਨੀਤੀ ਉਲੀਕਣ ਅਤੇ ਕਿਸਾਨਾਂ ਦੀ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਣ ਨੂੰ ਘਟਾਉਣ ਲਈ ਅਗਾਊਂ ਐਕਸ਼ਨ ਪਲਾਨ ਤਿਆਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਐਸ.ਡੀ.ਐਮ. ਅਹਿਮਦਗੜ੍ਹ ਹਰਬੰਸ ਸਿੰਘ, ਡੀ.ਆਰ.ਓ ਗੁਰਮੰਦਰ ਸਿੰਘ, ਡੀ.ਐਸ.ਪੀ. ਰਾਮ ਜੀ ,ਮੁੱਖ ਖੇਤੀਬਾੜੀ ਅਫ਼ਸਰ ਡਾ ਹਰਬੰਸ ਸਿੰਘ , ਐਸ.ਡੀ.ਓ ਪੀ.ਪੀ.ਸੀ.ਬੀ. ਮੋਹਿਤ ਸਿੰਗਲਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲਣ ਜਾਂ ਜ਼ਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣਾ ਸਮੇਂ ਦੀ ਲੋੜ ਹੈ । ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਲੇਰਕੋਟਲਾ ਦਫ਼ਤਰ ਵੱਲੋਂ ਮੈਨੇਜਮੈਂਟ ਆਫ਼ ਕਰਾਪ ਰੈਜੀਡਿਊ ਸਕੀਮ ਤਹਿਤ 1153 ਆਧੁਨਿਕ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਨਿੱਜੀ ਕਿਸਾਨਾਂ ਨੂੰ 882, ਸਹਿਕਾਰੀ ਸਭਾਵਾਂ ਨੂੰ 176, ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ 86 ਅਤੇ ਪੰਚਾਇਤਾਂ ਨੂੰ 09 ਆਧੁਨਿਕ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਜਾ ਚੁੱਕੇ ਹਨ । ਉਨ੍ਹਾਂ ਹੋਰ ਕਿਹਾ ਕਿ ਭਵਿੱਖ ਵਿੱਚ ਲੋੜ ਅਨੁਸਾਰ ਖੇਤੀ ਪ੍ਰਬੰਧਨ ਲਈ ਹੋਰ ਖੇਤੀਬਾੜੀ ਸੰਦ ਮੁਹੱਈਆ ਕਰਵੇ ਜਾ ਸਕਦੇ ਹਨ ਤਾਂ ਜੋ ਹਰੇਕ ਕਿਸਾਨ ਨੂੰ ਪਰਾਲੀ ਸੰਭਾਲਣ ਲਈ ਮਸ਼ੀਨਾਂ ਦੀ ਸਹੂਲਤ ਪ੍ਰਾਪਤ ਹੋ ਸਕੇ, ਭਾਵੇਂ ਇਹ ਕਿਰਾਏ ‘ਤੇ ਹੋਵੇ ਜਾਂ ਫਿਰ ਮੁਫ਼ਤ। ਉਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਨੂੰ ਹਦਾਇਤ ਕੀਤੀ ਕਿ ਮਸ਼ੀਨਾਂ ਦੀ ਸਾਰੀ ਸੂਚੀ ਡਾਟਾ ਤਿਆਰ ਕੀਤਾ ਜਾਵੇ ਤਾਂ ਜੋ ਮਸ਼ੀਨਾਂ ਦੀ ਸਹੀ ਸਥਿਤੀ ,ਉਪਲਬਧਤਾ ਬਾਰੇ ਕਿਸਾਨਾਂ ਨੂੰ ਪਤਾ ਚੱਲ ਸਕੇ । ਇਹ ਡਾਟਾ ਬੇਸ ਹਰੇਕ ਬਲਾਕ, ਮਾਰਕੀਟ ਕਮੇਟੀ ਤੇ ਐਸ.ਡੀ.ਐਮਜ਼ ਦਫ਼ਤਰਾਂ ਕੋਲ ਉਪਲਬਧ ਕਰਵਾਇਆ ਜਾਵੇ ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਬਦਲਵੇਂ ਹੱਲ ਲਈ , ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਉਦਯੋਗਿਕ ਸੰਸਥਾਵਾਂ ਦੇ ਮੁਖੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਣ ਅਤੇ ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਜਾਗਰੂਕ ਹੋ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ । ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡ ਪੱਧਰ ‘ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਾਲ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਨ ਲਈ ਐਕਸ ਸੀਟੂ ਤਕਨੀਕ ਅਪਣਾਉਣ।
