ਬਾਘਾਪੁਰਾਣਾ, 21 ਫਰਵਰੀ ( ਅਸ਼ਵਨੀ ) – ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਖੁਸ਼ਹਾਲੀ ਵਿੱਚ ਵਿਸ਼ੇਸ਼ ਯੋਗਦਾਨ ਹੈ। ਰੰਗਲੇ ਪੰਜਾਬ ਦੀ ਸਹੀ ਅਰਥਾਂ ਵਿੱਚ ਕਲਪਨਾ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਤੋਂ ਬਿਨਾ ਨਹੀਂ ਕੀਤੀ ਜਾ ਸਕਦੀ। ਇਹ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਅੱਜ ਇਥੇ ਕਰਵਾਏ ਗਏ “ਐਨ.ਆਰ.ਆਈ.ਪੰਜਾਬੀਆਂ ਦਾ ਧੰਨਵਾਦ ਸੰਮੇਲਨ” ਪ੍ਰੋਗਰਾਮ ਦੌਰਾਨ ਐਨ.ਆਰ.ਆਈ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਬਹੁਤ ਹੀ ਵਧੀਆ ਹੈ।ਐਨ.ਆਰ.ਆਈ ਪੰਜਾਬੀਆਂ ਨੂੰ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਹੈ। ਤੁਹਾਡੀਆਂ ਜਾਇਦਾਦਾਂ ਉੱਤੇ ਕੋਈ ਵੀ ਮਾੜੀ ਅੱਖ ਨਹੀਂ ਰੱਖ ਸਕਦਾ।ਵਿਧਾਇਕ ਨੇ ਭਰੋਸੇ ਨਾਲ ਕਿਹਾ ਕਿ ਜੇਕਰ ਪ੍ਰਵਾਸੀ ਪੰਜਾਬੀ ਆਪਣੇ ਪਿੰਡ ਵਿੱਚ ਇੱਕ ਹਿੱਸਾ ਲਗਾਉਣਗੇ ਤਾਂ ਉਹ ਤਿੰਨ ਗੁਣਾ ਆਪਣੇ ਵਸੀਲਿਆਂ ਨਾਲ ਲਗਾਉਣਗੇ।
ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਹਲਕੇ ਵਿੱਚ ਅਗਲੇ 4 ਮਹੀਨੇ ਦੌਰਾਨ 250 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਉਹਨਾਂ ਸੱਦਾ ਦਿੱਤਾ ਕਿ ਪ੍ਰਵਾਸੀ ਪੰਜਾਬੀ ਨਿਵੇਸ਼ ਲਈ ਅੱਗੇ ਆਉਣ, ਐਨ ਓ ਸੀਜ਼ ਉਹ ਖੁਦ ਲੈ ਕੇ ਦੇਣਗੇ। ਉਹਨਾਂ ਇਸ ਮੌਕੇ ਕੁਝ ਐਨ ਆਰ ਆਈ ਪਰਿਵਾਰਾਂ ਦਾ ਵਿਸ਼ੇਸ਼ ਤੌਰ ਉੱਤੇ ਨਾਮ ਲਿਆ। ਉਹਨਾਂ ਕਿਹਾ ਕਿ ਉਹ ਐਨ ਆਰ ਆਈ ਕਮੇਟੀ ਬਾਘਾਪੁਰਾਣਾ ਦਾ ਗਠਨ ਕਰਨਗੇ। ਇਹ ਕਮੇਟੀ ਹਲਕੇ ਦੇ ਵਿਕਾਸ ਲਈ ਸਲਾਹ ਮਸ਼ਵਰਾ ਕਰਿਆ ਕਰੇਗੀ।
ਇਸ ਮੌਕੇ ਗਿੱਲ ਪਿੰਡ ਦੇ ਸੁੱਖ ਬਰਾੜ ਵੱਲੋਂ 100 ਕਰੋੜ ਰੁਪਏ ਅਤੇ ਹਲਕੇ ਨਾਲ ਹੀ ਸਬੰਧਤ ਕੁਲਦੀਪ ਸ਼ਰਮਾ ਦੇ ਪਰਿਵਾਰ ਵਲੋਂ 150 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਲੱਗਣ ਨਾਲ ਹੀ ਇਲਾਕੇ ਦੇ 1700 ਤੋਂ ਵਧੇਰੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਰਾਹ ਖੁੱਲ੍ਹ ਜਾਵੇਗਾ।ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਾਮਲਿਆਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਮਿੱਥੇ ਸਮੇਂ ਵਿੱਚ ਨਿਪਟਾਰਾ ਕਰਨ ਲਈ ਪੰਜਾਬ ਸਰਕਾਰ ਵਿਸ਼ੇਸ਼਼ ਪਾਲਿਸੀ ਤਿਆਰ ਕਰ ਰਹੀ ਹੈ। ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਤੇ ਉਸ ਦੇ ਹੱਲ ਲਈ ਪੰਜਾਬ ਸਰਕਾਰ ਹਰ ਸਾਲ ਦਸੰਬਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਦੋ ਵਾਰ ਐਨ.ਆਰ.ਆਈ. ਮਿਲਣੀਆਂ ਆਯੋਜਿਤ ਕਰਿਆ ਕਰੇਗੀ। ਉਹਨਾਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਵਸ ਰਹੇ ਪੰਜਾਬੀਆਂ ਨੂੰ ਇਹ ਸੱਦਾ ਦਿੱਤਾ ਕਿ ਹਲਕਾ ਬਾਘਾਪੁਰਾਣਾ ਤੁਹਾਡਾ ਹੈ, ਤੁਸੀਂ ਏਥੇ ਆਓ, ਪੰਜਾਬ ਸਰਕਾਰ ਤੁਹਾਡੀਆਂ ਜ਼ਮੀਨਾਂ ਦੀ ਰਾਖੀ, ਤੁਹਾਡੇ ਜਾਨ ਮਾਲ ਦੀ ਰਾਖੀ ਅਤੇ ਤੁਹਾਡੇ ਕਾਰੋਬਾਰ ਦੀ ਰਾਖੀ ਲਈ ਵਚਨਵੱਧ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਫੈਸਲਾ ਲਿਆ ਕਿ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰੀ ਦਫਤਰਾਂ, ਸਕੱਤਰੇਤਾਂ ਵਿੱਚ ਮੰਤਰੀਆਂ ਦੇ ਦਫਤਰਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ।ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਦੀਪ ਸਿੰਘ ਬਰਾੜ, ਵੱਖ-ਵੱਖ ਮੁਲਕਾਂ ਤੋਂ ਆਏ ਐਨ.ਆਰ.ਆਈਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।