ਬਠਿੰਡਾ ਭਗਵਾਨ ਭੰਗੂ-ਲਿਕੇਸ ਸ਼ਰਮਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਥਾਣਾ ਸਿਵਲ ਲਾਈਨ ਦੇ ਤਤਕਾਲੀ ਐੱਸਐੱਚਓ ‘ਤੇ ਧੱਕੇ ਨਾਲ ਨਸ਼ਾ ਵਿਕਵਾਉਣ ਦੇ ਦੋਸ਼ ਲਗਾਉਣ ਵਾਲੇ ਬੇਅੰਤ ਨਗਰ ਦੇ ਰਹਿਣ ਵਾਲੇ ਰਮੇਸ਼ ਕੁਮਾਰ ਉਰਫ਼ ਰੈਂਬੋ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਕੋਲੋਂ 6 ਕਿਲੋ ਗਾਂਜਾ, 80 ਮੋਬਾਈਲ ਫ਼ੋਨ, 7 ਗੈਸ ਸਿਲੰਡਰ, 5 ਐਲਈਡੀ, 1 ਮਾਈਕੋ੍ਵੇਵ, 3 ਸਪੀਕਰ, 1 ਐਂਪਲੀਫਾਇਰ, 4 ਬੈਟਰੀਆਂ, 1 ਇਨਵਰਟਰ, 1 ਸਟੈਪਲਰ, 3 ਰੇਜ਼ਰ ਸਾਈਕਲ, 5 ਗ੍ਰਾਮ 600 ਮਿਲੀਗ੍ਰਾਮ ਸੋਨਾ, 1 ਕਿਲੋ 800 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਦੋ ਕੈਮਰੇ, 10 ਘੜੀਆਂ, 1 ਲੈਪਟਾਪ, 1 ਗੀਜ਼ਰ, 20,000 ਰੁਪਏ ਦੀ ਡਰੱਗ ਮਨੀ ਅਤੇ ਇਕ ਹੌਂਡਾ ਕਾਰ ਬਰਾਮਦ ਕੀਤੀ ਗਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੁਲਜ਼ਮ ਰੈਂਬੋ, ਉਸ ਦੇ ਭਰਾ ਨਰੇਸ਼ ਕੁਮਾਰ ਅਤੇ ਪਤਨੀ ਸਾਰਜ ਰਾਣੀ ਖ਼ਿਲਾਫ਼ ਲੁੱਟ-ਖੋਹ ਅਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਤਨੀ ਅਤੇ ਭਰਾ ਅਜੇ ਫਰਾਰ ਹਨ, ਜਿਨਾਂ੍ਹ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਥਾਣਾ ਸਿਵਲ ਲਾਈਨ ਦੇ ਐਸਐਚਓ ਯਾਦਵਿੰਦਰ ਸਿੰਘ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਮੇਸ਼ ਕੁਮਾਰ ਉਰਫ਼ ਰੈਂਬੋ, ਉਸ ਦਾ ਭਰਾ ਨਰੇਸ਼ ਕੁਮਾਰ ਅਤੇ ਉਸ ਦੀ ਪਤਨੀ ਸਰੋਜ ਰਾਣੀ ਵਾਸੀ ਬੇਅੰਤ ਨਗਰ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ। ਸੂਚਨਾ ਦੇ ਆਧਾਰ ‘ਤੇ ਜਦੋਂ ਮੰਗਲਵਾਰ ਨੂੰ ਪੁਲਿਸ ਟੀਮ ਨੇ ਉਸ ਦੇ ਘਰ ਛਾਪੇਮਾਰੀ ਕੀਤੀ ਤਾਂ ਉਥੋਂ ਵੱਡੀ ਮਾਤਰਾ ‘ਚ ਚੋਰੀ ਅਤੇ ਲੁੱਟਿਆ ਹੋਇਆ ਸਾਮਾਨ ਬਰਾਮਦ ਹੋਇਆ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪੁੱਛਗਿੱਛ ‘ਚ ਰੈਂਬੋ ਨੇ ਮੰਨਿਆ ਕਿ ਉਕਤ ਸਾਮਾਨ ਉਸ ਨੇ ਖੋਹਣ ਤੋਂ ਇਲਾਵਾ ਨਸ਼ਾ ਵੇਚ ਕੇ ਇਕੱਠਾ ਕੀਤਾ ਸੀ। ਇਸ ਲੁੱਟ ਵਿਚ ਉਸਦਾ ਭਰਾ ਅਤੇ ਪਤਨੀ ਵੀ ਉਸਦਾ ਸਾਥ ਦਿੰਦੇ ਹਨ। ਉਸ ਨੇ ਦੱਸਿਆ ਕਿ ਕੁਝ ਲੋਕ ਉਸ ਕੋਲ ਨਸ਼ਾ ਖਰੀਦਣ ਲਈ ਆਉਂਦੇ ਸਨ, ਜਦੋਂ ਉਸ ਕੋਲ ਪੈਸੇ ਨਹੀਂ ਹੁੰਦੇ ਸਨ ਤਾਂ ਉਹ ਉਸ ਕੋਲ ਸਾਮਾਨ ਗਿਰਵੀ ਰੱਖ ਕੇ ਨਸ਼ਾ ਲੈ ਕੇ ਚਲੇ ਜਾਂਦੇ ਸਨ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ, ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਹ ਹੁਣ ਤਕ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।