ਭਗਤਾ ਭਾਈਕਾ(ਬੋਬੀ ਸਹਿਜਲ – ਧਰਮਿੰਦਰ )ਨੇੜਲੇ ਪਿੰਡ ਆਕਲੀਆ ਵਿਖੇ ਆਟਾ ਦਾਲ ਸਕੀਮ ਵਾਲਾ ਕਾਰਡ ਕਟਵਾਉਣ ਦੇ ਰੋਸ਼ ਵਜੋਂ ਬੁੱਧਵਾਰ ਨੂੰ ਪਿੰਡ ਦੇ ਹੀ ਦੋ ਭਰਾਵਾਂ ਵਲੋਂ ਇਕ ਆਂਗਣਵਾੜੀ ਵਰਕਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਆਂਗਣਵਾੜੀ ਵਰਕਰ ਵਲੋਂ ਪੁਲਿਸ ਸਟੇਸ਼ਨ ਭਗਤਾ ਭਾਈਕਾ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸਥਾਨਿਕ ਪੁਲਿਸ ਨੇ ਪੀੜ੍ਹਤ ਆਂਗਣਵਾੜੀ ਵਰਕਰ ਗੁਰਮੀਤ ਕੌਰ ਦੇ ਬਿਆਨਾ ਤੇ ਦੋ ਸਕੇ ਭਰਾਵਾਂ ਖਿਲਾਫ ਮੁਰੱਦਮਾ ਦਰਜ ਕਰ ਲਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਿੰਡ ਆਕਲੀਆ ਵਿਖੇ ਆਂਗਣਵਾੜੀ ਵਰਕਰ ਵਜੋਂ ਡਿਊਟੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਹੀ ਦੋ ਵਿਅਕਤੀਆਂ ਵਲੋਂ ਉਨ੍ਹਾਂ ਦੇ ਘਰ ਦਾਖਿਲ ਹੋਕੇ ਉਸ ਉਪਰ ਹਮਲਾ ਕਰ ਦਿੱਤਾ ਗਿਆ। ਗੁਰਮੀਤ ਕੌਰ ਨੇ ਦੋਸ ਲਗਾਇਆ ਕਿ ਹਮਲਾਵਰਾਂ ਵਲੋਂ ਉਸ ਨੂੰ ਛੁਡਵਾ ਰਹੀ ਸੱਸ ਮਾਂ ਅਤੇ ਉਸਦੇ ਪਤੀ ਦੀ ਵੀ ਕੁੱਟ ਮਾਰ ਕੀਤੀ ਗਈ ਹੈ। ਪੀੜਤ ਗੁਰਮੀਤ ਕੌਰ ਨੇ ਦੱਸਿਆ ਕਿ ਐਸਡੀਐਮ ਫੂਲ ਦੇ ਨਿਰਦੇਸ਼ਾਂ ਤਹਿਤ ਉਨ੍ਹਾਂ ਵਲੋਂ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਵਲੋਂ ਆਟਾ ਦਾਲ ਦੇ ਕਾਰਡ ਕੱਟੇ ਜਾਣ ਦੇ ਦੋਸ ਤਹਿਤ ਉਨ੍ਹਾਂ ਦੇ ਪਰਿਵਾਰ ਦੀ ਕੁੱਟ ਮਾਰ ਕੀਤੀ ਗਈ ਹੈ। ਆਂਗਣਵਾੜੀ ਵਰਕਰ ਗੁਰਮੀਤ ਕੌਰ ਵਾਸੀ ਆਕਲੀਆ ਨੇ ਉਕਤ ਮਾਮਲੇ ਨੂੰ ਲੈ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਮਾਮਲੇ ਨੂੰ ਲੈ ਕੇ ਉਨ੍ਹਾਂ ਵਲੋਂ ਉੁਚ ਅਧਿਕਾਰੀਆਂ ਨੂੰ ਵੀ ਪੱਤਰ ਭੇਜੇ ਗਏ ਸਨ। ਸਥਾਨਿਕ ਪੁਲਿਸ ਵਲੋਂ ਇਸ ਮਾਮਲੇ ਸਬੰਧੀ ਕਥਿਤ ਦੋਸੀਆ ਜਗਸੀਰ ਸਿੰਘ ਅਤੇ ਸਰੂਪ ਸਿੰਘ ਵਾਸੀ ਆਕਲੀਆ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਯਤਨ ਆਰੰਭ ਦਿੱਤੇ ਹਨ।ਆਂਗਣਵਾੜੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਿੰਦਰਪਾਲ ਕੌਰ ਦਿਆਲਪੁਰਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਆਪਣੀ ਡਿਊਟੀ ਨਿਭਾ ਰਹੀਆ ਹਨ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਗੁੰਡਾਗਰਦੀ ਕਰਨ ਵਾਲੇ ਅਨਸਰਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਐਸਡੀਐਮ ਫੂਲ ਅਤੇ ਸੀਡੀਪੀਓ ਦਫਤਰ ਭਗਤਾ ਭਾਈ ਵਲੋਂ ਪੀੜ੍ਹਤ ਵਰਕਰ ਨੂੰ ਇਨਸਾਫ ਦਿਵਾਉਣ ਲਈ ਸਲਾਘਾਯੋਗ ਭੂਮਿਕਾ ਨਿਭਾਈ ਗਈ ਹੈ।