ਜਗਰਾਉਂ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ): ਜਗਰਾਉਂ ਦਾ ਮੇਲਾ ਜਿਸ ਦਾ ਜ਼ਿਕਰ ਪੰਜਾਬ ਦੀਆਂ ਲੋਕ ਬੋਲੀਆਂ ‘ਚ ਵੀ ਹੁੰਦਾ ਰਹਿੰਦਾ ਹੈ। ਰੌਸ਼ਨੀ ਮੇਲਾ ਨਾਮ ਨਾਲ ਮਸ਼ਹੂਰ ਜਗਰਾਵਾਂ ਦਾ ਇਹ ਮੇਲਾ ਸੈਂਕੜੇ ਸਾਲਾਂ ਤੋਂ ਭਰਦਾ ਆ ਰਿਹਾ ਹੈ। ਪੰਜਾਬ ਦੇ ਸਭ ਤੋਂ ਪੁਰਾਤਨ ਮੇਲਿਆਂ ‘ਚੋਂ ਇੱਕ ਹੈ ਜਗਰਾਵਾਂ ਦਾ ਰੋਸ਼ਨੀ ਮੇਲਾ।ਬਾਬਾ ਮੋਹਕਮ ਦਿਨ ਜੀ ਦੀ ਦਰਗਾਹ ‘ਤੇ ਭਰਨ ਵਾਲੇ ਇਸ ਮੇਲੇ ‘ਚ ਦੇਸ਼ ਭਰ ਤੋਂ ਤਾਂ ਸੰਗਤਾਂ ਨਮਸਕਾਰ ਕਰਨ ਆਉਂਦੀਆਂ ਹਨ ਉੱਥੇ ਹੀ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਦੇ ਜੱਥੇ ਅਤੇ ਕਵਾਲ ਮੇਲੇ ਦੀਆਂ ਰੌਣਕਾਂ ‘ਚ ਚਾਰ ਚੰਨ ਲਗਾਉਣ ਲਈ ਪਹੁੰਚਦੇ ਰਹਿੰਦੇ ਹਨ।ਜਗਰਾਉਂ ਸ਼ਹਿਰ ਦੇ ਵਿਚਕਾਰ ‘ਖਾਨਗਾਹ ਚੌਕ’, ਜਿਸ ਦਾ ਨਾਂ ਬਦਲ ਕੇ ‘ਕਮਲ ਚੌਕ’ ਰੱਖ ਦਿੱਤਾ ਗਿਆ ਹੈ, ਦੇ ਨੇੜੇ ਹਜ਼ਰਤ ਬਾਬਾ ਮੋਹਕਮ-ਉਦ-ਦੀਨ ਦੀ ਮੁਕੱਦਸ ਦਰਗਾਹ ‘ਸ਼ਰੀਫ਼’ ਹੈ। ਇਸੇ ਥਾਂ ’ਤੇ ਹੀ ਇਹ ਮੇਲਾ ਲੱਗਦਾ ਹੈ।ਇਸ ਰੂਹਾਨੀ ਮੇਲੇ ਦਾ ਇਤਿਹਾਸ ਵੀ ਬੜਾ ਰੋਚਕ ਹੈ। ਬਜ਼ੁਰਗਾਂ ਤੋਂ ਸੁਣਨ ‘ਚ ਆਉਂਦਾ ਹੈ ਕਿ ਇੱਕ ਵਾਰ ਪੁੱਤਰ ਪ੍ਰਾਪਤੀ ਦੀ ਖੁਸ਼ੀ ਮਨਾਉਣ ਲਈ ਸ਼ਹਿਨਸ਼ਾਹ ਜਹਾਂਗੀਰ , ਹਜ਼ਰਤ ਬਾਬਾ ਮੋਹਕਮ-ਉਦ-ਦੀਨ ਦੇ ਦਰਬਾਰ ‘ਚ ਪਹੁੰਚੇ ਸੀ , ਪਰ ਉਸ ਵੇਲੇ ਬਾਬਾ ਜੀ ਖੁਦਾ ਦੀ ਇਬਾਦਤ ‘ਚ ਰੁੱਝੇ ਹੋਏ ਸਨ। ਕੁਝ ਦੇਰ ਬਾਅਦ ਜਦੋਂ ਬਾਬਾ ਜੀ ਬੰਦਗੀ ਤੋਂ ਬਾਹਰ ਆਏ ਤਾਂ ਉਹਨਾਂ ਦੇ ਸਾਹਮਣੇ ਸ਼ਹਿਨਸ਼ਾਹ ਜਹਾਂਗੀਰ ਪੱਲਾ ਅੱਡ ਕੇ ਬੇਟੇ ਦੇ ਪੈਦਾ ਹੋਣ ਦੀ ਖੁਸ਼ੀ ਮਨਾਉਣ ਦੀ ਇਜਾਜ਼ਤ ਮੰਗ ਰਿਹਾ ਸੀ ਜੋ ਬਾਬਾ ਜੀ ਦੇ ਆਸ਼ੀਰਵਾਦ ਨਾਲ ਹੀ ਪੈਦਾ ਹੋਇਆ ਸੀ।ਬਾਬਾ ਜੀ ਨੇ ਹਾਂ ਕਹਿ ਦਿੱਤਾ ਤਾਂ ਜਹਾਂਗੀਰ ਨੇ ਉਦੋਂ ਹੀ ਸ਼ਹਿਨਸ਼ਾਹ ਦਰਬਾਰ ਨੂੰ ਸੋਨੇ ਦੇ ਦੀਵਿਆਂ ‘ਚ ਦੇਸੀ ਘਿਓ ਪਾ ਕੇ ਦਰਬਾਰ ਨੂੰ ਰੌਸ਼ਨੀ ਨਾਲ ਰੌਸ਼ਨਾਂ ਦਿੱਤਾ। ਉਸ ਸਮੇਂ ਤੋਂ ਹੀ ਜਗਰਾਉਂ ਮੇਲਾ ਰੌਸ਼ਨੀ ਮੇਲਾ ਵੱਜਣ ਲੱਗ ਗਿਆ। ਮੇਲੇ ਮੌਕੇ ਹਰ ਵਰਗ ਦੇ ਲੋਕ ਦਰਗਾਹ ਸ਼ਰੀਫ ’ਤੇ ਸ਼ਰਧਾ ਵਜੋਂ ਨਤਮਸਤਕ ਹੁੰਦੇ ਹਨ। ਮੇਲਾ ਰੌਸ਼ਨੀ ਮਨੁੱਖੀ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਹਰ ਵੀਰਵਾਰ ਨੂੰ ਵੀ ਦਰਗਾਹ ਸ਼ਰੀਫ ਉੱਤੇ ਸ਼ਰਧਾਲੂਆਂ ਵੱਲੋਂ ਰੌਸ਼ਨੀ ਕੀਤੀ ਜਾਂਦੀ ਹੈ। ਜਗਰਾਉਂ ਦਾ ਇਹ ਰੌਸ਼ਨੀ ਮੇਲਾ 13 ਤੋਂ 15 ਫੱਗਣ(25, 26 ਅਤੇ 27 ਫਰਵਰੀ) ਤੱਕ ਭਰਦਾ ਹੈ। 13 ਫੱਗਣ ਨੂੰ ਚੌਂਕੀਆਂ ਭਰਦੀਆਂ ਹਨ। ਉਸ ਦਿਨ ਦੀ ਮੇਲੇ ਦੀ ਰੌਣਕ ਆਪਣੇ ਪੂਰੇ ਜੋਬਨ ‘ਤੇ ਹੁੰਦੀ ਹੈ। ਮੇਲੇ ‘ਚ ਜ਼ਿਆਦਾਤਰ ਔਰਤਾਂ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ। ਔਲਾਦ ਦੀਆਂ ਦਾਤਾਂ ਅਤੇ ਹੋਰ ਮੁਸ਼ਕਿਲਾਂ ‘ਚ ਗੁਜ਼ਰ ਰਹੇ ਸ਼ਰਧਾਲੂ ਆਪਣੇ ਦੁੱਖਾਂ ਦਾ ਨਿਵਾਰਣ ਕਰਵਾਉਂਦੇ ਹਨ। ਮੇਲੇ ‘ਚ ਦੇਸ਼ ਦੇ ਵੱਡੇ ਕੱਵਾਲ ਅਤੇ ਗਾਇਕ ਆਪਣੇ ਆਪਣੇ ਹੁਨਰ ਨਾਲ ਮੇਲੇ ‘ਚ ਹਾਜ਼ਰੀ ਲਗਵਾਉਂਦੇ ਹਨ।
ਜਿਸ ਲੋਕ ਬੋਲੀ ‘ਚ ਜਗਰਾਉਂ ਦੇ ਮੇਲੇ ਦਾ ਜ਼ਿਕਰ ਹੁੰਦਾ ਹੈ ਉਹ ਇਸ ਪ੍ਰਕਾਰ ਹੈ ,
ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ
ਮੁਨਸ਼ੀ ਡਾਗੋਂ ਦਾ ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ ਜੇ ਹੁੰਦੀ ਨਾ ਪੁਲਸ ਸਰਕਾਰੀ