ਜਗਰਾਉਂ, 24 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਅਤੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਨਸ਼ੀਲੀਆਂ ਗੋਲੀਆਂ, ਨਾਜਾਇਜ਼ ਸ਼ਰਾਬ, ਹੈਰੋਇਨ ਅਤੇ ਪੋਸਤ ਦੇ ਖੇਤ ਵਿਚ ਬੀਜੇ ਹੋਏ ਪੌਦਿਆਂ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਸੀਆਈਏ ਸਟਾਫ਼ ਦੇ ਏਐਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਮੇਨ ਜੀਟੀ ਰੋਡ ਮਲਕ ਚੌਕ ਵਿੱਚ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਪ੍ਰਿੰਸ ਕੁਮਾਰ ਵਾਸੀ ਮੁਹੱਲਾ ਪ੍ਰਤਾਪ ਨਗਰ ਮਾਤਾ ਚਿੰਤਪੁਰਨੀ ਮੰਦਰ ਅਤੇ ਵਾਰਿਸ ਕੁਮਾਰ ਵਾਸੀ ਅਗਵਾੜ ਲਧਾਈ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਜੋ ਆਪਣੇ ਮੋਟਰਸਾਈਕਲ ’ਤੇ ਪਾਬੰਦੀਸ਼ੁਦਾ ਗੋਲੀਆਂ ਲੈ ਕੇ ਕੋਠੇ ਖੰਜੂਰਾ ਰੋਡ ਤੋਂ ਜੀ.ਟੀ.ਰੋਡ ਅਲੀਗੜ੍ਹ ਵੱਲ ਜਾ ਰਹੇ ਹਨ। ਇਸ ਸੂਚਨਾ ’ਤੇ ਨਾਕਾਬੰਦੀ ਕਰਕੇ ਦੋਵਾਂ ਨੂੰ 825 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ, ਮੋਟਰਸਾਈਕਲ ਅਤੇ ਮੋਬਾਈਲ ਫੋਨ ਸਮੇਤ ਕਾਬੂ ਕੀਤਾ ਗਿਆ। ਖੇਤ ਵਿੱਚ ਬੀਜੇ ਹੋਏ ਪੋਸਤ ਦੇ ਬੂਟਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਪੁਲੀਸ ਚੌਕੀ ਲੋਹਟਬੱਦੀ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਗਿੱਲ ਪੈਲੇਸ ਨੇੜੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਪਿੰਡ ਬੁੱਧ ਸਿੰਘ ਨਿਵਾਸੀ ਪਿੰਡ ਰਛੀਨ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਜਿਸ ਦੇ ਖਿਲਾਫ ਪਹਿਲਾਂ ਹੀ ਮਾਮਲਾ ਦਰਜ ਹੈ। ਇਸ ਸਮੇਂ ਉਸ ਨੇ ਆਪਣੇ ਖੇਤ ਵਿੱਚ ਪੋਸਤ ਦੇ ਬੂਟੇ ਬੀਜੇ ਹੋਏ ਹਨ। ਇਸ ਸੂਚਨਾ ’ਤੇ ਪਿੰਡ ਰਛੀਨ ਤੋਂ ਬੜੂੰਦੀ ਨੂੰ ਜਾਂਦੇ ਰਸਤੇ ’ਤੇ ਬੁੱਧ ਸਿੰਘ ਦੇ ਖੇਤ ’ਚ ਛਾਪੇਮਾਰੀ ਕਰਕੇ ਖੇਤ ’ਚ ਬੀਜੇ 510 ਪੋਸਤ ਦੇ ਬੂਟੇ ਬਰਾਮਦ ਕੀਤੇ ਗਏ ਅਤੇ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਥਾਣਾ ਦਾਖਾ ਦੀ ਪੁਲਿਸ ਪਾਰਟੀ ਨੇ 6 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 120 ਮਿਲੀਗ੍ਰਾਮ ਹੈਰੋਇਨ, 6 ਸਰਿੰਜਾਂ, 6 ਲਾਈਟਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਸਬ-ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ ਵਾਸੀ ਪਿੰਡ ਦੇਤਵਾਲ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਸਾਡੇ ਪਿੰਡ ਦੇਤਵਾਲ ਤੋਂ ਬੱਦੋਵਾਲ ਨੂੰ ਜਾਂਦੇ ਰਸਤੇ ’ਤੇ ਸਾਹੂ ਦੀਨ, ਗੁਰਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਬੱਦੋਵਾਲ, ਜਗਤਾਰ ਸਿੰਘ ਉਰਫ ਜੱਸਾ ਵਾਸੀ ਜਾਂਗਪੁਰ, ਬਲਜਿੰਦਰ ਸਿੰਘ ਵਾਸੀ ਦਾਖਾ, ਈਸ਼ਰ ਸਿੰਘ ਵਾਸੀ ਦੇਤਵਾਲ, ਗੁਰਸੇਵਕ ਸਿੰਘ ਵਾਸੀ ਗਹੌਰ ਹੈਰੋਇਨ ਪੀਣ ਅਤੇ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਨੂੰ ਪਿੰਡ ਵਾਲਿਆਂ ਵਲੋਂ ਕਾਬੂ ਕੀਤਾ ਹੋਇਆ ਹੈ। ਇਸ ਸੂਚਨਾ ਤੇ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ, ਸਰਿੰਜਾਂ, ਲਾਈਟਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ। ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ’ਤੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਮਰਜੀਤ ਸਿੰਘ ਉਰਫ਼ ਅੰਬੀ ਵਾਸੀ ਪਿੰਡ ਪਰਜੀਆਂ ਬਿਹਾਰੀਪੁਰ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਉਹ ਅਲੀਵਾਲ ਫਾਟਕ ਨੇੜੇ ਨਾਜਾਇਜ਼ ਸ਼ਰਾਬ ਲੈ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ਤੇ ਅਮਰਜੀਤ ਸਿੰਘ ਨੂੰ ਮੌਕੇ ’ਤੇ ਛਾਪਾ ਮਾਰ ਕੇ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।
