ਜਗਰਾਉਂ, 24 ਫਰਵਰੀ ( ਮੋਹਿਤ ਜੈਨ, ਧਰਮਿੰਦਰ )- ਐਸ.ਸੀ/ਬੀ.ਸੀ ਵੈਲਫੇੇਅਰ ਕੌਂਸਿਲ ਪੰਜਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਵਾਰ ਵੀ ਪੀਰ ਬਾਬਾ ਮੋਹਕਮ ਦੀਨ ਅਤੇ ਮਾਈ ਜੀਨਾ ਦੀ ਦਰਗਾਹ ਵਿਖੇ ਪ੍ਰਸਿੱਧ ਮੇਲਾ ਰੋਸ਼ਨੀ ਤੇੇ ਮੱਥਾ ਟੇਕਣ ਲਈ ਵਿਸ਼ਵ ਭਰ ਵਿੱਚੋਂ ਆਉਣ ਵਾਲੀਆਂ ਸੰਗਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਮਾਈ ਜੀਨਾ ਦੀ ਦਰਗਾਹ ਵਿਖੇ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਮਹਿਲਾ ਕਾਂਗਰਸ ਬ੍ਰਿਗੇਡ ਦੀ ਪ੍ਰਧਾਨ ਮਨਪ੍ਰੀਤ ਕੌਰ ਮਾਹਲ ਅਤੇ ਸਤਨਾਮ ਸਿੰਘ ਯੂ.ਐਸ.ਏ. ਵਲੋਂ ਕੀਤਾ ਗਿਆ। ਇਸ ਮੌਕੇ ਡਾ: ਰਾਜਵੀਰ ਸਿੰਘ, ਅਮਰਜੀਤ ਸਿੰਘ, ਰਾਜੇਸ਼ ਸੋਢੀ, ਭੁਪਿੰਦਰ ਸਿੰਘ, ਸੁਭਾਸ਼ ਨਾਗਪਾਲ ਨੇ ਆਪਣੀਆਂ ਟੀਮਾਂ ਸਮੇਤ 250 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣਾ ਬਹੁਤ ਵੱਡਾ ਪੁੰਨ ਹੈ ਕਿਉਂਕਿ ਵਧਦੀ ਮਹਿੰਗਾਈ ਦੇ ਨਾਲ-ਨਾਲ ਸਿਹਤ ਸਹੂਲਤਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ ਹਨ। ਅਜਿਹੇ ਵੱਡੇ ਸਮਾਗਮ ਵਿੱਚ ਪੁੱਜਣ ਵਾਲੀ ਸੰਗਤ ਲਈ ਅਜਿਹੇ ਕੈਂਪ ਬਹੁਤ ਹੀ ਲਾਹੇਵੰਦ ਸਾਬਤ ਹੁੰਦੇ ਹਨ ਕਿਉਂਕਿ ਭਾਰੀ ਭੀੜ ਕਾਰਨ ਦੂਰ-ਦੂਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਜਦੋਂ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਅਜਿਹੇ ਕੈਂਪ ਤੋਂ ਮੁੱਢਲੀ ਡਾਕਟਰੀ ਸਹਾਇਤਾ ਲੈ ਕੇ ਬਿਮਾਰੀਆਂ ਤੋਂ ਬਚ ਸਕਦੇ ਹਨ। ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਕੈਂਪ ਵਿੱਚ ਪਹੁੰਚੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕੈਂਪ ਵਿੱਚ ਸੇਵਾਵਾਂ ਦੇਣ ਵਾਲੇ ਸਾਰੇ ਡਾਕਟਰਾਂ ਨੂੰ ਪਤਵੰਤਿਆਂ ਸਮੇਤ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਵਿੰਕਲ ਸ਼ਰਮਾ, ਰਾਜਵੀਰ ਸਿੰਘ ਯੂ.ਐਸ.ਏ., ਦਵਿੰਦਰ ਸ਼ਰਮਾ ਆਦਿ ਹਾਜ਼ਰ ਸਨ।
