ਰੋਪੜ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਰੰਗੀਲਪੁਰ ਨੇੜੇ ਭਾਖੜਾ ਨਹਿਰ ‘ਚ ਦੋ ਨੌਜਵਾਨਾਂ ਦੇ ਰੁੜ੍ਹਣ ਦੀ ਖਬਰ ਮਿਲੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਖਰੜ ਦੀ ਇਕ ਫੈਕਟਰੀ ‘ਚ ਕੰਮ ਕਰਦੇ ਸ਼ਿਮਲਾ ਦੇ ਤਿੰਨ ਨੌਜਵਾਨ ਸਵੇਰੇ ਭਾਖੜਾ ਨਹਿਰ ਨੇੜੇ ਘੁੰਮਣ-ਫਿਰਨ ਆਏ ਸਨ। ਇੱਥੇ ਉਨ੍ਹਾਂ ਸੈਲਫੀਆਂ ਵੀ ਲਈਆਂ ਪਰ ਸੁਮਿਤ ਨਾਂ ਦਾ ਨੌਜਵਾਨ ਜਦੋਂ ਹੇਠਾਂ ਉਤਰ ਕੇ ਹੱਥ ਧੋਣ ਲੱਗਾ ਤਾਂ ਉਸ ਦਾ ਪੈਰ ਤਿਲਕ ਗਿਆ। ਉਸ ਨੂੰ ਬਚਾਉਣ ਲਈ ਦੂਸਰੇ ਨੌਜਵਾਨ ਵਿਰਾਜ ਨੇ ਵੀ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਜਿਸ ਕਾਰਨ ਦੋਵੇਂ ਰੁੜ੍ਹ ਗਏ ਤੇ ਅਜੇ ਤਕ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ ਹੈ।
ਹਾਲਾਂਕਿ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ ‘ਚ ਡੁੱਬੇ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤਕ ਕੁਝ ਵੀ ਪਤਾ ਨਹੀਂ ਲੱਗਾ ਹੈ। ਜਿਹੜੇ ਦੋ ਨੌਜਵਾਨ ਪਾਣੀ ‘ਚ ਡੁੱਬੇ ਹਨ, ਉਨ੍ਹਾਂ ਦੀ ਪਛਾਣ 25 ਸਾਲਾ ਸੁਮਿਤ ਵਾਸੀ ਪਿੰਡ ਬਸਲਾ ਰੋਹੜੂ ਸ਼ਿਮਲਾ ਵਜੋਂ ਹੋਈ ਹੈ ਜਦਕਿ ਦੂਸਰੇ ਦੀ ਪਛਾਣ 27 ਸਾਲਾ ਵਿਰਾਜ ਦੇ ਰੂਪ ‘ਚ ਹੋਈ ਹੈ। ਦੋਵੇਂ ਹੀ ਰੋਹੜੂ ਸ਼ਿਮਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
