Home ਸਭਿਆਚਾਰ ਨਿਊਯਾਰਕੋਂ ਆਏ ਨਾਵਲਕਾਰ ਬਲਦੇਵ ਸਿੰਘ ਗਰੇਵਾਲ ਦੇ ਨਾਵਲ ਇੱਕ ਹੋਰ ਪੁਲ ਸਰਾਤ...

ਨਿਊਯਾਰਕੋਂ ਆਏ ਨਾਵਲਕਾਰ ਬਲਦੇਵ ਸਿੰਘ ਗਰੇਵਾਲ ਦੇ ਨਾਵਲ ਇੱਕ ਹੋਰ ਪੁਲ ਸਰਾਤ ਬਹਾਨੇ

55
0

ਬਲਦੇਵ ਸਿੰਘ ਗਰੇਵਾਲ ਨੂੰ ਜਦ 1972-73 ਵਿੱਚ ਪਹਿਲੀ ਵਾਰ ਅਜੀਤ ਅਖ਼ਬਾਰ ਦੇ ਦਫ਼ਤਰ ਚ ਵੇਖਿਆ ਸੀ ਤਾਂ ਉਦੋਂ ਉਹ ਉਥੇ ਮੈਗਜ਼ੀਨ ਸੰਪਾਦਕ ਸਨ। ਪੁੱਜ ਕੇ ਸ਼ੌਕੀਨ। ਫ਼ਿਲਮੀ ਕਲਾਕਾਰਾਂ ਤੋਂ ਵੀ ਸੋਹਣਾ। ਕਈ ਚਿੱਬ ਖੜਿੱਬੇ ਫ਼ਿਲਮੀ ਕਲਾਕਾਰ ਵੇਖਦਾ ਤਾਂ ਮਨ ਚ ਆਉਂਦਾ ਕਿ ਇਹ ਫ਼ਿਲਮਾਂ ਵਾਲੇ ਬਲਦੇਵ ਨੂੰ ਕਿਉਂ ਨਹੀਂ ਬੰਬਈ ਲੈ ਜਾਂਦੇ। 

ਉਦੋਂ ਉਹ ਅੱਜ ਵਰਗਾ ਮਿਲਾਪੜਾ ਨਹੀਂ ਸੀ। ਕੱਬਾ ਸੀ ਪੂਰਾ। ਜਿਸ ਤੇ ਡੁੱਲ੍ਹਦਾ, ਪੂਰਾ ਨੁੱਚੜ ਜਾਂਦਾ। ਬਹੁਤਿਆਂ ਨੂੰ ਇਹੀ ਸੀ ਕਿ ਇਹ ਕੋਰਾ ਹੈ। 

ਉਹ ਵੀ ਕੀ ਕਰਦਾ, ਉਦੋਂ ਵੀ ਅਜੀਤ ਸਰਵੋਤਮ ਸੀ ਅੱਜ ਵਾਂਗ। ਹਰ ਬੰਦਾ ਉਥੇ ਛਪਣਾ ਚਾਹੁੰਦਾ ਸੀ ਪਰ ਸਫ਼ੇ ਤਾਂ ਸੀਮਤ ਸਨ। 

ਮੇਰਾ ਸੁਭਾਗ ਸੀ ਕਿ ਉਸ ਦਾ ਆਸ਼ੀਰਵਾਦੀ ਹੱਥ ਹਮੇਸ਼ ਮੇਰੇ ਮੋਢੇ ਤੇ ਰਿਹਾ। ਅੱਜ ਵੀ ਉਹ ਦਿਨ ਚੇਤੇ ਕਰਕੇ ਮੈਂ ਆਨੰਦਿਤ ਹੋ ਲੈਂਦਾ ਹਾਂ। ਛਪਣ ਛਪਾਉਣ ਤੋਂ ਵੱਧ ਉਸ ਦੀ ਸੰਗਤ ਚੰਗੀ ਲੱਗਦੀ। ਉਹ ਉਹ ਲੇਖਕ ਵਜੋਂ ਨਹੀਂ ਸੀ ਜਾਣਿਆ ਜਾਂਦਾ ਪਰ ਜਲੰਧਰ ਚ ਉਸ ਦੀ ਪੈਂਠ ਸੀ। ਡਾਃ ਸਾਧੂ ਸਿੰਘ ਹਮਦਰਦ ਉਸ ਨੂੰ ਸਨੇਹ ਦਿੰਦੇ ਪੁੱਤਰਾਂ ਜਿਹਾ। 

ਫਿਰ ਉਹ ਅਚਾਨਕ ਅਮਰੀਕਾ ਚਲਾ ਗਿਆ। ਸੰਪਰਕ ਨਾ ਰਿਹਾ। ਕਈ ਸਾਲ ਪਹਿਲਾਂ ਪਤਾ ਲੱਗਾ ਕਿ ਉਹ ਨਿਊਯਾਰਕ ਤੋਂ ਸ਼ੇਰੇ ਪੰਜਾਬ ਨਾਮ ਦਾ ਸਪਤਾਹਕ ਅਖ਼ਬਾਰ ਕੱਢਦੈ। ਦਸ ਕੁ ਸਾਲ ਪਹਿਲਾਂ ਮੇਰੇ ਰਿਸ਼ਤੇਦਾਰ ਸਃ ਮੁਖਤਿਆਰ ਸਿੰਘ ਘੁੰਮਣ ਜੀ ਦੇ ਘਰ ਨਿਊਯਾਰਕ ਚ ਮਿਲੇ ਤਾਂ ਬਹੁਤ ਚਿਰਾਂ ਬਾਦ ਹੋਈ ਮੁਲਾਕਾਤ ਚੰਗੀ ਚੰਗੀ ਲੱਗੀ। 

ਅਚਨਚੇਤ ਸਤੀਸ਼ ਗੁਲਾਟੀ ਨੇ ਉਸ ਦਾ ਪਲੇਠਾ ਨਾਵਲ ਪਰਿਕਰਮਾ  ਛਾਪਿਆ ਤਾਂ ਕਈ ਪੁੱਛਣ ਕਿ ਇਹ ਬਲਦੇਵ ਕੌਣ ਹੈ। ਨਾ ਮੋਗੇ ਵਾਲਾ ਨਾ ਟਾਪੂ ਵਾਲਾ ਨਾ ਢੀੰਡਸਾ। ਮੈਂ ਬਹੁਤਿਆਂ ਨੂੰ ਦੱਸਿਆ ਕਿ ਇਹ ਵੀਰ ਅਮਰੀਕਾ ਰਹਿੰਦਾ ਹੈ। ਪੱਤਰਕਾਰੀ ਤੋਂ ਸਿਰਜਣਾ ਦੇ ਰਾਹ ਤੁਰਿਆ ਹੈ। 

 ਫਿਰ ਦੋ ਕਹਾਣੀ ਪੁਸਤਕਾਂ ਆਈਆਂ ਰੌਸ਼ਨੀ ਦੀ ਦਸਤਕ ਤੇ ਸੀਤੇ ਬੁੱਲਾਂ ਦਾ ਸੁਨੇਹਾ। ਹੁਣ ਨਵਾਂ ਨਾਵਲ ਇੱਕ ਹੋਰ ਪੁਲਸਰਾਤ ਆਇਐ। 28ਮਾਰਚ ਨੂੰ ਹੀ ਸ਼ਾਮੀਂ ਪੰਜਾਬੀ ਭਵਨ ਲੁਧਿਆਣਾ ਚ ਸੱਜਣਾਂ ਨੇ ਰਿਲੀਜ਼ ਕੀਤੈ। ਸੁਰਜੀਤ ਪਾਤਰ, ਅਮਰਜੀਤ ਗਰੇਵਾਲ,ਡਾਃ ਹਰਜੀਤ ਸਿੰਘ ਦੂਰਦਰਸ਼ਨ ਵਾਲਾ, ਡਾਃ ਤੇਜਿੰਦਰ ਹਰਜੀਤ, ਸਃ ਜਸਵੰਤ ਸਿੰਘ ਕੰਵਲ ਦੇ ਨਾਵਲ ਇੱਕ ਹੋਰ ਹੈਲਨ ਦੀ ਨਾਇਕਾ ਹੈਲੀਨਾ , ਗਿਆਨ ਸਿੰਘ ਜਰਮਨੀ,ਡਾਃ ਗੁਰਇਕਬਾਲ ਸਿੰਘ, ਇੰਦਰਜੀਤਪਾਲ ਕੌਰ ਭਿੰਡਰ, ਪੀ ਏ ਯੂ ਦੇ ਪੁਰਾਣੇ ਵਿਦਿਆਰਥੀ ਤੇ ਆਸਟਰੇਲੀਆ ਤੋਂ ਆਏ ਲੇਖਕ ਡਾਃ ਦੇਵਿੰਦਰ ਸਿੰਘ ਜੀਤਲਾ, ਡਾਃ ਸੰਦੀਪ ਸੇਖੋਂ ਪ੍ਰੋਃ ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਡਾਃ ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ, ਰਾਜਦੀਪ ਸਿੰਘ ਤੂਰ, ਬਲਕੌਰ ਸਿੰਘ ਗਿੱਲ, ਅਮਰਜੀਤ ਸ਼ੇਰਪੁਰੀ, ਸੁਮਿਤ ਗੁਲਾਟੀ ਦੀ ਹਾਜ਼ਰੀ ਵਿੱਚ। ਸਤੀਸ਼ ਗੁਲਾਟੀ ਤਾਂ ਹੈ ਹੀ ਸੀ ਚੇਤਨਾ ਪ੍ਰਕਾਸ਼ਨ ਵੱਲੋਂ। 

ਮੈਂ  ਵੀ ਮਗਰੋਂ ਜਾ ਰਲ਼ਿਆ। ਬਹੁਤ ਹੀ ਚੰਗਾ ਲੱਗਾ ਵੀਰ ਬਲਦੇਵ ਸਿੰਘ ਨੂੰ ਮਿਲ ਕੇ। ਅਮਰਜੀਤ ਗਰੇਵਾਲ ਵੀ ਮੁੱਦਤ ਬਾਦ ਮਿਲਿਆ। ਚੰਗੀ ਖ਼ਬਰ ਇਹ ਸੀ ਕਿ ਉਸ ਦਾ ਨਵਾਂ ਨਾਟਕ ਛਪ ਰਿਹੈ। ਧੰਨਭਾਗ ਉਸ ਦੀ ਸਿਰਜਕ ਕੁਖ ਮੁੜ ਹਰੀ ਹੋਈ ਹੈ। ਉਸ ਦੀ ਸਮਰਥਾ ਨੂੰ ਵੀ ਅਸੀਂ ਭਲਿਆਂ ਵੇਲਿਆਂ ਦੇ ਜਾਣਦੇ ਮਾਣਦੇ ਰਹੇ ਹਾਂ ਦੋ ਘੜੀਆਂ ਦਾ ਨਾਟਕ, ਚੂਹੇ ਦੌੜ  ਤੇ ਵਾਪਸੀ ਉਸ ਦੇ ਮਹੱਤਵ ਪੂਰਨ ਨਾਟਕ ਹਨ ਪਰ ਚਿਰਾਂ ਪਹਿਲਾਂ ਲਿਖੇ ਹੋਏ। ਵਾਪਸੀ ਤਾਂ ਇੱਕ ਪਾਤਰੀ ਨਾਟਕ ਹੈ ਜਿਸ ਨੂੰ ਤਰਲੋਚਨ ਨਾਰੰਗਵਾਲ(ਹੁਣ ਹਾਲੈਂਡ) ਨੇ ਪੀ ਏ ਯੂ ਦੇ ਪਾਲ ਆਡੀਟੋਰੀਅਮ ਚ ਖੇਡਿਆ ਸੀ ਲਗਪਗ ਚਾਲੀ ਸਾਲ ਪਹਿਲਾਂ। ਅਮਰਜੀਤ ਦੀ ਸਿਰਜਣਾ ਦਾ ਫੁਟਾਰਾ ਫੁੱਟਿਆ, ਸੁਆਗਤ ਹੈ। 

ਗਿਲ ਤਾਂ ਬਲਦੇਵ ਸਿੰਘ ਗਰੇਵਾਲ ਦੀ ਕਰ ਰਹੇ ਸਾਂ। ਚਲੋ! ਕੋਈ ਨਾ, ਅਮਰਜੀਤ ਵੀ ਤਾਂ ਗਰੇਵਾਲ ਹੀ ਹੈ। ਪਹਿਲਾ ਹੋਸ਼ਿਆਰਪੁਰੀਆ ਗਰੇਵਾਲ ਤੇ ਦੂਜਾ ਨਾਰੰਗਵਾਲ ਦਾ। ਹੁਣ ਤਾਂ ਦੋਹਾਂ ਦਾ ਪਿੰਡ ਪੰਜਾਬੀ ਸਾਹਿੱਤ ਹੈ। 

ਮੁਬਾਰਕਾਂ ਵੱਡੇ ਵੀਰ ਬਲਦੇਵ ਸਿੰਘ ਗਰੇਵਾਲ ਨੂੰ ਇੱਕ ਹੋਰ ਪੁਲ ਸਰਾਤ ਲਈ। ਵਾਲ ਤੋਂ ਬਾਰੀਕ ਪੁਲ ਤੋਂ ਲੰਘਣ ਲਈ ਸਮਾਗਮ ਦੇ ਪ੍ਰਧਾਨ ਡਾਃ ਸੁਰਜੀਤ ਪਾਤਰ ਨੇ ਉਸ ਨੂੰ ਮੁਬਾਰਕ ਦਿੱਤੀ। ਅਮਰਜੀਤ ਗਰੇਵਾਲ ਡਾਃ ਤੇਜਿੰਦਰ ਹਰਜੀਤ ਤੇ ਗੁਰਇਕਬਾਲ ਸਿੰਘ ਦੀਆਂ ਪੜਚੋਲਵੀਆਂ ਟਿਪਣੀਆਂ ਵੀ ਮੁੱਲਵਾਨ ਸਨ। 

ਬਲਦੇਵ ਦਾ ਕਥਨ ਕਮਾਲ ਸੀ, ਮੈਂ ਨਹੀਂ ਕਹਿਣਾ ਕੁਝ, ਮੇਰੀ ਗੱਲ ਨਾਵਲ ਕਹਿ ਚੁਕਾ ਹੈ, ਉਸ ਨੂੰ ਸੁਣੋ। 

ਮੁੜ ਵਧਾਈਆਂ ਵੀਰ ਨੂੰ। 

🔹

ਗੁਰਭਜਨ ਗਿੱਲ

29.3.2023

LEAVE A REPLY

Please enter your comment!
Please enter your name here