ਕੋਟਕਪੂਰਾ 30 ਮਾਰਚ (ਵਿਕਾਸ ਮਠਾੜੂ – ਮੋਹਿਤ) : ਆਰਟੀਆਈ ਐਂਡ ਹਿਊਮਨ ਰਾਈਟਸ ਟੀਮ ਵੱਲੋਂ ਵਾਰ-ਵਾਰ ਆਪਣੇ ਕਾਰਡ ਨਵਵਿਆਉਣ ਦੀ ਕੀਤੀ ਅਪੀਲ ਤੋਂ ਬਾਅਦ ਹੁਣ ਜਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਟੀਮ ਦਾ ਢਾਂਚਾ ਭੰਗ ਕਰਦਿਆਂ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਭਰ ਦੇ ਜਿੰਨਾ-ਜਿੰਨਾ ਅਹੁਦੇਦਾਰਾਂ ਨੇ 31 ਮਾਰਚ ਤਕ ਆਪਣੇ ਸ਼ਨਾਖਤੀ ਕਾਰਡ ਨਵਵਿਆਉਣ ਦੀ ਜ਼ਰੂਰਤ ਨਹੀਂ ਸਮਝੀ, ਉਨ੍ਹਾਂ ਦੇ ਸ਼ਨਾਖਤੀ ਕਾਰਡ ਰੱਦ ਕਰਨ ਦੀ ਸਾਡੀ ਮਜਬੂਰੀ ਬਣ ਗਈ ਹੈ, ਕਿਉਂਕਿ ਜਥੇਬੰਦੀ ਦੇ ਨਿਯਮਾਂ ਮੁਤਾਬਿਕ ਹਰ ਸਾਲ 31 ਮਾਰਚ ਤੋਂ ਪਹਿਲਾਂ-ਪਹਿਲਾਂ ਪੁਰਾਣਾ ਕਾਰਡ ਜਮ੍ਹਾਂ ਕਰਵਾ ਕੇ ਨਵਾਂ ਬਣਾਉਣਾ ਜ਼ਰੂਰੀ ਹੁੰਦਾ ਹੈ। ਸੁਨੀਸ਼ ਨਾਰੰਗ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਟੀਮ ਨੂੰ ਰਵਿੰਦਰ ਸਿੰਘ ਜੋਨੀ ਸੋਨੀ ਸੂਬਾਈ ਪ੍ਰਧਾਨ (ਦਿਹਾਤੀ) ਅਤੇ ਸੂਬਾਈ ਇੰਚਾਰਜ ਵਿੱਕੀ ਪਰਾਸ਼ਰ ਵੱਲੋਂ ਬਕਾਇਦਾ ਲਿਖਤੀ ਤੌਰ ‘ਤੇ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਜੇਕਰ ਪੁਰਾਣੇ ਕਾਰਡ ਹੈੱਡ ਆਫਿਸ ਵਿਚ ਜਮ੍ਹਾਂ ਨਾ ਕਰਵਾਏ ਤਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮਿਲ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।