ਫਰੀਦਕੋਟ 30 ਮਾਰਚ (ਰਾਜੇਸ਼ ਜੈਨ) : ਜ਼ਿਲ੍ਹਾ ਅਦਾਲਤ ਨੇ 2015 ਦੇ ਕੋਟਕਪੁਰਾ ਗੋਲ਼ੀਕਾਡ ਕੇਸ ’ਚ ਚਾਰਜਸ਼ੀਟ ਤਤਕਾਲੀ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਕੇਸ ’ਚ ਚਾਰਜਸ਼ੀਟ ਹੋਣ ਤੋਂ ਬਾਅਦ ਚਾਹਲ ਨੇ ਜ਼ਿਲ੍ਹਾ ਅਦਾਲਤ ’ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ’ਤੇ ਬੁੱਧਵਾਰ ਨੂੰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਫ਼ੈਸਲਾ ਸੁਣਾਇਆ।ਜਾਣਕਾਰੀ ਅਨੁਸਾਰ ਕੋਟਕਪੁਰਾ ਗੋਲ਼ੀਕਾਂਡ ਕੇਸ ’ਚ ਪੰਜਾਬ ਪੁਲਿਸ ਦੀ ਐੱਸਆਈਟੀ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਛੇ ਪੁਲਿਸ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਸੀ ਜਿਨ੍ਹਾਂ ’ਚ ਤਤਕਾਲੀ ਡੀਆਈਜੀ ਚਾਹਲ ਨੂੰ ਛੱਡ ਕੇ ਬਾਕੀ ਸਾਰਿਆਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ। ਇਨ੍ਹਾਂ ’ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਛੱਡ ਕੇ ਬਾਕੀਆਂ ਸਾਰੇ ਜ਼ਮਾਨਤ ਬੌਂਡ ਵੀ ਫਰੀਦਕੋਟ ਦੀ ਅਦਾਲਤ ’ਚ ਭਰ ਚੁੱਕੇ ਹਨ। ਚਾਹਲ ਨੇ 26 ਮਾਰਚ ਨੂੰ ਪਟੀਸ਼ਨ ਦਾਖਲ ਕੀਤੀ ਸੀ ਜਿਸ ’ਤੇ 28 ਮਾਰਚ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਸੁਣਾਉਣ ਲਈ ਬੁੱਧਵਾਰ ਨੂੰ ਤਰੀਕ ਰੱਖੀ ਸੀ।