– ਕਮਰਸ਼ੀਅਲ ਜਾਇਦਾਦਾਂ ਵਿੱਚ 14% ਦਾ ਵਾਧਾ ਅਤੇ ਰਿਹਾਇਸ਼ੀ ਜਾਇਦਾਦਾਂ ਵਿੱਚ 7% ਦਾ ਵਾਧਾ ਕੀਤਾ
ਮੋਗਾ, 3 ਅਪ੍ਰੈਲ ( ਮੋਹਿਤ ਜੈਨ ) – ਨਗਰ ਸੁਧਾਰ ਟਰੱਸਟ ਮੋਗਾ ਦੀਆਂ ਵੇਚਣਯੋਗ ਜਾਇਦਾਦਾਂ ਦੀ ਸਾਲ-2023-24 ਲਈ ਰਾਖਵੀਂ ਕੀਮਤ ਨਿਸ਼ਚਿਤ ਕੇ ਦਿੱਤੀ ਗਈ ਹੈ। ਜਿਸ ਤਹਿਤ ਕਮਰਸ਼ੀਅਲ ਜਾਇਦਾਦਾਂ ਦੀ ਰਾਖਵੀਂ ਕੀਮਤ ਵਿੱਚ 14% ਦਾ ਵਾਧਾ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਰਾਖਵੀਂ ਕੀਮਤ ਵਿੱਚ 7% ਦਾ ਵਾਧਾ ਕੀਤਾ ਗਿਆ ਹੈ।ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਸੁਧਾਰ ਟਰੱਸਟ, ਮੋਗਾ ਦੀਆਂ ਵੱਖ-2 ਸਕੀਮਾਂ ਵਿੱਚ ਵੇਚਣਯੋਗ ਪ੍ਰਾਪਰਟੀਆਂ ਦੀ ਸਾਲ-2023-24 ਲਈ ਰਾਖਵੀਂ ਕੀਮਤ ਨਿਸ਼ਚਿਤ ਕਰਨ ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ,ਮੋਗਾ ਸ੍ਰ ਕੁਲਵੰਤ ਸਿੰਘ, ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਾਰਜ ਸਾਧਕ ਅਫ਼ਸਰ ਨਗਰ ਸੁਧਾਰ ਟਰੱਸਟ ਮੋਗਾ, ਸਹਾਇਕ ਟਰੱਸਟ ਇੰਜੀਨੀਅਰ, ਨਗਰ ਸੁਧਾਰ ਟਰੱਸਟ ਮੋਗਾ ਅਤੇ ਲੇਖਾਕਾਰ ਨਗਰ ਸੁਧਾਰ ਟਰੱਸਟ ਮੋਗਾ ਨੇ ਵੀ ਭਾਗ ਲਿਆ।ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਵਿਚਾਰ ਵਟਾਂਦਰਾ ਕਰਨ ਉਪਰੰਤ ਸੁਝਾਅ ਦਿੱਤਾ ਗਿਆ ਕਿ ਟਰੱਸਟ ਦੀਆਂ ਸਾਲ 2021-22 ਦੀਆਂ ਪ੍ਰਵਾਨਿਤ ਰਾਖਵੀਂ ਕੀਮਤ ਤੇ ਕਮਰਸ਼ੀਅਲ ਜਾਇਦਾਦਾਂ ਵਿੱਚ 14% ਦਾ ਵਾਧਾ ਅਤੇ ਰਿਹਾਇਸ਼ੀ ਜਾਇਦਾਦਾਂ ਵਿੱਚ 7% ਦਾ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ ਵੇਚਣਯੋਗ ਜਾਇਦਾਦਾਂ ਦੀ ਰਾਖਵੀਂ ਕੀਮਤ ਸਾਲ 2021-22 ਵਿੱਚ ਪ੍ਰਵਾਨਿਤ ਹੋਈ ਰਾਖਵੀਂ ਕੀਮਤ ਬਰਾਬਰ ਹੀ ਰੱਖੀ ਜਾਵੇ। ਇਸ ਤੋਂ ਇਲਾਵਾ ਟਰੱਸਟ ਦੀਆਂ ਵੱਖ-ਵੱਖ ਪਾਰਕਿੰਗਾਂ ਨੂੰ 20% ਦੇ ਵਾਧੇ ਨਾਲ ਅਤੇ ਫੂਡ ਕੋਰਟਾਂ ਨੂੰ ਪੁਰਾਣੇ ਰੇਟਾਂ ਤੇ ਹੀ ਕਿਰਾਏ/ਠੇਕੇ ਤੇ ਦੇਣ ਸਬੰਧੀ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਸਰਬਸੰਮਤੀ ਨਾਲ ਉਕਤ ਸੁਝਾਅ ਮੰਨ ਲਏ ਗਏ ਅਤੇ ਉਕਤ ਅਨੁਸਾਰ ਹਰੇਕ ਜਾਇਦਾਦ ਦੀ ਰਾਖਵੀਂ ਕੀਮਤ ਨਿਸ਼ਚਿਤ ਕਰ ਦਿੱਤੀ ਗਈ।ਸ਼੍ਰੀ ਦੀਪਕ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਸੁਧਾਰ ਟਰੱਸਟ ਨੂੰ ਲਾਭ ਵਿੱਚ ਲਿਆਉਣ ਅਤੇ ਸ਼ਹਿਰ ਦੇ ਵਿਕਾਸ ਲਈ ਟਰੱਸਟ ਦੀਆਂ ਜਾਇਦਾਦਾਂ ਵਿੱਚ ਦਿਲਚਸਪੀ ਦਿਖਾਉਣ। ਟਰੱਸਟ ਵੱਲੋਂ ਐਨ ਓ ਸੀਜ਼ ਆਦਿ ਲਈ ਕੋਈ ਵੀ ਖੱਜਲ ਖ਼ੁਆਰੀ ਨਹੀਂ ਹੋਣ ਦਿੱਤੀ ਜਾਵੇਗੀ।