ਬਠਿੰਡਾ (ਰੋਹਿਤ ਗੋਇਲ) ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਕੈਦੀ ਨੂੰ ਮਿਲਣ ਅਤੇ ਉਸ ਨੂੰ ਸਾਮਾਨ ਦੇਣ ਆਏ ਵਿਅਕਤੀ ਦੀ ਤਲਾਸ਼ੀ ਦੌਰਾਨ 20 ਗ੍ਰਾਮ ਹੈਰੋਇਨ ਤੇ 10 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਕੈਂਟ ਪੁਲਿਸ ਨੇ ਹਵਾਲਾਤੀ ਤੇ ਉਸ ਨੂੰ ਮਿਲਣ ਆਏ ਦੋਵੇਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ 2 ਅਪ੍ਰੈਲ ਨੂੰ ਲਖਬੀਰ ਕੁਮਾਰ ਵਾਸੀ ਪਿੰਡ ਭਦੌੜ ਆਪਣੇ ਜਾਣਕਾਰ ਲਖਬੀਰ ਸਿੰਘ ਨੂੰ ਮਿਲਣ ਲਈ ਜੇਲ੍ਹ ਆਇਆ ਸੀ। ਉਹ ਉਸ ਨੂੰ ਨਵੇਂ ਕੱਪੜੇ ਅਤੇ ਬੂਟ ਦੇਣ ਲਈ ਜੇਲ੍ਹ ਵਿਚ ਦਾਖ਼ਲ ਹੋਇਆ। ਲਖਬੀਰ ਕੁਮਾਰ ਨੇ ਆਪਣੇ ਕੋਲ 20 ਗ੍ਰਾਮ ਹੈਰੋਇਨ ਅਤੇ 10 ਨਸ਼ੀਲੀਆਂ ਗੋਲੀਆਂ ਛੁਪਾ ਕੇ ਰੱਖੀਆਂ ਹੋਈਆਂ ਸਨ, ਜਿਹੜੀਆਂ ਕਿ ਉਸ ਨੇ ਜੇਲ੍ਹ ਵਿਚ ਬੰਦ ਆਪਣੇ ਸਾਥੀ ਨੂੰ ਦੇਣੀਆਂ ਸਨ ਪਰ ਮੁਲਾਕਾਤ ਤੋਂ ਪਹਿਲਾਂ ਹੀ ਜੇਲ੍ਹ ਦੇ ਮੁਲਾਜ਼ਮਾਂ ਨੇ ਚੈਕਿੰਗ ਦੌਰਾਨ ਉਕਤ ਨਸ਼ੀਲੇ ਪਰਾਦਥ ਬਰਾਮਦ ਕਰ ਲਏ।