ਫ਼ਤਹਿਗੜ੍ਹ ਸਾਹਿਬ(ਰੋਹਿਤ ਗੋਇਲ)ਫ਼ਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਣਕ ਦੇ ਸਮਰਥਨ ਮੁੱਲ ’ਚ 300 ਰੁਪਏ ਦਾ ਵਾਧਾ ਕਰਨ ਤੇ ਪੀੜਤ ਕਿਸਾਨਾਂ ਲਈ 40 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਨਜ਼ੂਰ ਕਰਨ ਦੀ ਅਪੀਲ ਕੀਤੀ।
ਡਾ. ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਪੰਜਾਬ ’ਚ ਮਾਰਚ ਮਹੀਨੇ ਦੌਰਾਨ ਹੋਈ ਬੇਮੌਸਮੀ ਬਰਸਾਤ ਕਾਰਨ ਖੜ੍ਹੀ ਕਣਕ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਪਹਿਲਾਂ ਮਾਰਚ ਦੇ ਸ਼ੁਰੂ ’ਚ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋਇਆ ਸੀ, ਜਿਸ ਕਾਰਨ ਕਿਸਾਨਾਂ ਨੂੰ ਪਿਛਲੇ ਸਾਲ ਦੀ ਤਰਜ਼ ’ਤੇ ਝਾੜ ਘਟਣ ਦਾ ਡਰ ਸੀ। ਹਾਲਾਂਕਿ ਪੰਜਾਬ ਵਿਚ ਮਾਰਚ ਦੇ ਅੱਧ ਤੋਂ ਬਾਅਦ ਲਗਪਗ ਲਗਾਤਾਰ ਬੇਮੌਸਮੀ ਮੀਂਹ ਪੈਣ ਨਾਲ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਨੁਕਸਾਨ ਤੋਂ ਇਲਾਵਾ 2022 ਖ਼ਾਸ ਕਰ ਕੇ ਪੰਜਾਬ ਦੇ ਕਿਸਾਨਾਂ ਲਈ ਬਹੁਤ ਔਖਾ ਸਾਲ ਸੀ। ਸਾਡੇ ਕੋਲ ਭਾਰੀ ਗਰਮੀ ਦੀ ਲਹਿਰ ਸੀ ਜਿਸ ਨੇ ਕਣਕ ਦੇ ਝਾੜ ਨੂੰ ਘਟਾ ਦਿੱਤਾ ਸੀ। ਫਿਰ ਸੂਬੇ ਦੀ ‘ਆਪ’ ਸਰਕਾਰ ਦੀ ਯੋਜਨਾਬੰਦੀ ਦੀ ਘਾਟ ਕਾਰਨ ਲੱਖਾਂ ਪਸ਼ੂਆਂ ਦੀ ਚਮੜੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਫਿਰ ਝੋਨੇ ਦੀ ਫ਼ਸਲ ਵੀ ਚਾਈਨੀਜ਼ ਡਵਾਰਫ ਵਾਇਰਸ ਨਾਲ ਪ੍ਰਭਾਵਿਤ ਹੋਈ, ਜਿਸ ਨਾਲ ਝੋਨੇ ਦੇ ਝਾੜ ਵਿਚ ਭਾਰੀ ਕਮੀ ਆਈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ‘ਆਪ’ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲਗਪਗ ਪੂਰੀ ਫ਼ਸਲ ਦੇ ਨੁਕਸਾਨ ਲਈ ਮਾਮੂਲੀ 15000 ਰੁਪਏ ਪ੍ਰਤੀ ਏਕੜ ਦੇਖਭਾਲ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਰ ਇਹ ਰਕਮ ਕਿਸਾਨ ਲਈ ਫ਼ਸਲ ਦੀ ਬਿਜਾਈ ਦਾ ਖ਼ਰਚਾ ਵਸੂਲਣ ਲਈ ਵੀ ਕਾਫ਼ੀ ਨਹੀਂ ਹੈ। ਪੰਜਾਬ ਦੀ ਮੌਜੂਦਾ ਤਬਾਹੀ ਦੇ ਮੱਦੇਨਜ਼ਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਣਕ ਦੇ ਮੌਜੂਦਾ ਸਮਰਥਨ ਮੁੱਲ ਵਿੱਚ ਘੱਟੋ-ਘੱਟ 300 ਰੁਪਏ ਦਾ ਵਾਧਾ ਕਰਨ ਅਤੇ 40 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਯਕਮੁਸ਼ਤ ਮੁਆਵਜ਼ਾ ਦੇਣ ਦੀ ਬੇਨਤੀ ਕੀਤੀ ਤਾਂ ਜੋ ਕਿਸਾਨਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।