ਕੁੱਟ ਮਾਰ ਕਰਦੇ ਹੋਏ ਮੋਬਾਇਲ ਤੇ ਵੀਡੀਓ ਦਿਖਾਈ ਨਿਊਜ਼ੀਲੈਂਡ
ਰਾਏਕੋਟ, 5 ਅਪ੍ਰੈਲ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਨਿਊਜ਼ੀਲੈਂਡ ਤੋਂ ਸੁਪਾਰੀ ਦੇ ਕੇ ਪੰਜਾਬ ਆਏ ਇੱਕ ਵਿਅਕਤੀ ’ਤੇ ਨਿਊਜ਼ੀਲੈਂਡ ਰਹਿ ਰਹੀ ਪ੍ਰੇਮਿਕਾ ਨਾਲ ਆਪਣੇ ਘਰ ਦੇ ਵੱਖਰੇ ਕਮਰੇ ’ਚ ਰਹਿਣ ਵਾਲੇ ਵਿਅਕਤੀ ਨਾਲ ਸਬੰਧ ਹੋਣ ਦੇ ਸ਼ੱਕ ਵਿਚ ਹਮਲਾ ਕਰਵਾਇਆ ਅਤੇ ਕੀਤੀ ਗਈ ਕੁੱਟ ਮਾਰ ਦੀ ਮੋਬਾਇਲ ਤੇ ਵੀੜੀਓ ਨਿਊਜ਼ੀਲੈਂਡ ’ਚ ਦਿਖਾਈ। ਜਾਂਦੇ ਸਮੇਂ ਹਮਲਾਵਰਾਂ ਨੇ ਗਲੇ ’ਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਰਾਏਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਰਾਏਕੋਟ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਮਿਤ ਸ਼ਰਮਾ ਉਰਫ਼ ਕਬੀਰ ਵਾਸੀ ਗੁਰੂ ਤੇਗ ਬਹਾਦਰ ਕਾਲੋਨੀ ਸੰਗਰੂਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਦੀਪਕ ਜੋਸ਼ੀ ਨਿਵਾਸੀ ਪਟਿਆਲਾ, ਵਰਤਮਾਨ ਨਿਵਾਸੀ ਨਿਊਜ਼ੀਲੈਂਡ ਦਾ ਰਹਿਣ ਵਾਲਾ ਹੈ। ਸ਼ਿਕਾਇਤਕਰਤਾ ਨਿਊਜੀਲੈਂਡ ਵਿਖੇ ਜਿਸ ਮਕਾਨ ਵਿਵਚ ਕਿਰਾਏ ਤੇ ਰਹਿੰਦਾ ਹੈ ਉਸੇ ਮਕਾਨ ਵਿਚ ਇਕ ਹੋਰ ਕਮਰੇ ਵਿਚ ਇਕ ਲੜਕੀ ਰਹਿੰਦੀ ਹੈ। ਜਿਸ ਨਾਲ ਦੀਪਕ ਜੋਸ਼ੀ ਅਫੇਅਰ ਹੋਣ ਦੀ ਗੱਲ ਕਹਿੰਦਾ ਹੈ। ਦੀਪਕ ਜੋਸ਼ੀ ਨੂੰ ਮੇਰੇ ’ਤੇ ਸ਼ੱਕ ਹੈ। ਉਸ ਨੇ ਨਿਊਜ਼ੀਲੈਂਡ ਵਿੱਚ ਵੀ ਮੈਨੂੰ ਧਮਕੀ ਦਿੱਤੀ ਸੀ, ਜਿਸ ਦੀ ਸੂਚਨਾ ਉਸ ਨੇ ਉੱਥੋਂ ਦੀ ਪੁਲੀਸ ਨੂੰ ਦਿੱਤੀ ਸੀ। ਉਹ 11 ਫਰਵਰੀ 2023 ਨੂੰ ਨਿਊਜ਼ੀਲੈਂਡ ਤੋਂ ਭਾਰਤ ਆਇਆ ਸੀ। ਬੀਤੀ 13 ਮਾਰਚ ਨੂੰ ਜਦੋਂ ਉਹ ਆਪਣੇ ਦੋਸਤ ਸੁਰਿੰਦਰ ਸਿੰਘ ਵਾਸੀ ਦਿੜ੍ਹਬਾ ਨਾਲ ਰਾਏਕੋਟ ਤੋਂ ਕੱਪੜੇ ਖਰੀਦਣ ਲਈ ਕਾਰ ਵਿੱਚ ਆਇਆ ਸੀ ਅਤੇ ਅਸੀਂ ਵਾਪਸ ਸੰਗਰੂਰ ਜਾ ਰਹੇ ਸੀ ਤਾਂ ਸੈਕਰਡ ਹਾਰਟ ਪਬਲਿਕ ਸਕੂਲ ਬਰਨਾਲਾ ਰੋਡ ਰਾਏਕੋਟ ਨੇੜੇ ਮੁੱਖ ਸੜਕ ਜਾਮ ਹੋ ਗਈ। ਜਿਸ ’ਤੇ ਅਸੀਂ ਆਪਣੀ ਕਾਰ ਲਿੰਕ ਰੋਡ ਵੱਲ ਲੈ ਗਏ। ਸਾਡੀ ਕਾਰ ਦੇ ਪਿੱਛੇ ਇੱਕ ਬਰੀਜ਼ਾ ਕਾਰ ਅਤੇ ਇੱਕ ਹੋਰ ਕਾਰ ਰੁਕ ਗਈ। ਜਿਸ ਨੂੰ ਦੇਖ ਕੇ ਅਸੀਂ ਆਪਣੀ ਕਾਰ ਅੱਗੇ ਕੀਤੀ ਤਾਂ ਰਸਤਾ ਬੰਦ ਹੋਣ ਕਾਰਨ ਅਸੀਂ ਉੱਥੇ ਹੀ ਰੁਕ ਗਏ। ਇਸ ਦੌਰਾਨ ਦੋਵੇਂ ਕਾਰਾਂ ਤੋਂ 8-10 ਅਣਪਛਾਤੇ ਲੜਕੇ ਹੇਠਾਂ ਉਤਰ ਗਏ। ਉਨ੍ਹਾਂ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੇ ਮੇਰੇ ਗਲੇ ਵਿੱਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਇੱਕ ਲੜਕਾ ਨਿਊਜ਼ੀਲੈਂਡ ਵਿੱਚ ਦੀਪਕ ਜੋਸ਼ੀ ਨੂੰ ਆਪਣੇ ਮੋਬਾਈਲ ਫੋਨ ’ਤੇ ਮੇਰੀ ਕੁੱਟਮਾਰ ਦੀ ਵੀਡੀਓ ਦਿਖਾ ਰਿਹਾ ਸੀ। ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਭਵਿੱਖ ਵਿੱਚ ਦੀਪਕ ਨਾਲ ਗੜਬੜ ਕੀਤੀ ਤਾਂ ਮੈਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣਗੇ। ਇਸ ਤੋਂ ਬਾਅਦ ਉਹ ਸਾਰੇ ਆਪਣੀਆਂ ਕਾਰਾਂ ਅਤੇ ਹਥਿਆਰਾਂ ਸਮੇਤ ਫਰਾਰ ਹੋ ਗਏ। ਅਮਿਤ ਸ਼ਰਮਾ ਦੇ ਬਿਆਨਾਂ ’ਤੇ ਦੀਪਕ ਜੋਸ਼ੀ ਅਤੇ 8-10 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਰਾਏਕੋਟ ’ਚ ਵੱਖ-ਵੱਖ ਧਾਰਾਵਾਂ ਅਤੇ ਆਈ.ਟੀ.ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।