ਚੰਡੀਗੜ੍ਹ, 9 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਪੱਟੀ ਤੋਂ ਸ਼ਿਮਲਾ ਦਰਮਿਆਨ ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਇਹ ਪਹਿਲਾ ਮਾਅਰਕਾ ਬਣ ਗਿਆ ਹੈ ਜਦੋਂ ਪੱਟੀ ਤੋਂ ਸ਼ਿਮਲਾ ਲਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ ਸ਼ੁਰੂ ਹੋਈ ਹੈ।ਪੱਟੀ ਬੱਸ ਸਟੈਂਡ ਤੋਂ ਹਰੀ ਝੰਡੀ ਵਿਖਾਉਣ ਉਪਰੰਤ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੋਰਨਾਂ ਸੂਬਿਆਂ ਵੱਲ ਬੱਸਾਂ ਚਲਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਦੀ ਇਹ ਬੱਸ ਪੱਟੀ ਬੱਸ ਸਟੈਂਡ ਤੋਂ ਸਵੇਰੇ 10:20 ਵਜੇ ਚੱਲੇਗੀ ਅਤੇ ਵਾਇਆ ਅੰਮ੍ਰਿਤਸਰ, ਜਲੰਧਰ ਤੇ ਚੰਡੀਗੜ੍ਹ ਹੁੰਦਿਆਂ ਰਾਤ 10.30 ਵਜੇ ਸ਼ਿਮਲਾ ਪੁੱਜੇਗੀ। ਇਸੇ ਤਰ੍ਹਾਂ ਅਗਲੇ ਦਿਨ ਸਵੇਰੇ 7:10 ਵਜੇ ਸ਼ਿਮਲਾ ਤੋਂ ਚਲ ਕੇ ਉਸੇ ਰਸਤੇ ਵਾਪਸੀ ਕਰੇਗੀ ਅਤੇ ਸ਼ਾਮ ਕਰੀਬ 7:30 ਵਜੇ ਪੱਟੀ ਪਹੁੰਚੇਗੀ। ਬੱਸ ਦਾ ਇੱਕ ਪਾਸੇ ਦਾ ਕਿਰਾਇਆ 585 ਰੁਪਏ ਨਿਰਧਾਰਤ ਕੀਤਾ ਗਿਆ ਹੈ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਨੇ ਲੰਘੇ ਵਿੱਤੀ ਵਰ੍ਹੇ ਦੌਰਾਨ ਆਮਦਨ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਹੈ। ਵਿੱਤੀ ਵਰ੍ਹੇ 2022-23 ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਨੂੰ 700.88 ਕਰੋੜ ਰੁਪਏ ਆਮਦਨ ਹੋਈ ਹੈ, ਜੋ ਵਿੱਤੀ ਵਰ੍ਹੇ 2021-22 ਦੌਰਾਨ 547.08 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ 153.80 ਕਰੋੜ ਰੁਪਏ ਦਾ ਇਹ ਵਾਧਾ 28.11 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼/ਪਨਬੱਸ ਵਾਧੇ ਵਿੱਚ ਜਾ ਰਹੀ ਹੈ ਅਤੇ ਅਗਲੇ ਦਿਨਾਂ ਦੌਰਾਨ ਹੋਰਨਾਂ ਸ਼ਹਿਰਾਂ ਤੋਂ ਵੀ ਬੱਸਾਂ ਚਲਾਈਆਂ ਜਾਣਗੀਆਂ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਦੀ ਮੰਗ ਅਨੁਸਾਰ ਜ਼ਰੂਰਤ ਵਾਲੀਆਂ ਥਾਵਾਂ ਤੋਂ ਬੱਸਾਂ ਚਲਾਉਣ ਨੂੰ ਤਰਜੀਹ ਦੇਣ ਤਾਂ ਜੋ ਲੋਕਾਂ ਨੂੰ ਸਸਤੀ ਅਤੇ ਕਿਫ਼ਾਇਤੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਸਕੇ।ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਟਰਾਂਸਪੋਰਟ ਵਿਭਾਗ ਤਰੱਕੀ ਦੀ ਰਾਹ ‘ਤੇ ਹੈ ਅਤੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰਦਿਆਂ ਵਿਭਾਗ ਨੂੰ ਨਵੀਆਂ ਬੁਲੰਦੀਆਂ’ ਤੇ ਪਹੁੰਚਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪ੍ਰਾਈਵੇਟ ਬੱਸ ਮਾਫ਼ੀਆ ਦਾ ਲੱਕ ਤੋੜਦਿਆਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਤਿੰਨ ਗੁਣਾਂ ਘੱਟ ਕਿਰਾਏ ‘ਤੇ ਬੱਸ ਸੇਵਾ ਸ਼ੁਰੂ ਕੀਤੀ ਹੈ ਅਤੇ ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 25 ਬੱਸਾਂ ਦਿੱਲੀ ਹਵਾਈ ਅੱਡੇ ਨੂੰ ਚਲਦੀਆਂ ਹਨ।