ਫਰੀਦਕੋਟ (ਮੋਹਿਤ ਜੈਨ) ਕੋਟਕਪੂਰਾ ਗੋਲੀ ਕਾਂਡ ਸਬੰਧੀ ਪੇਸ਼ ਕੀਤੀਆਂ ਚਲਾਨ ਰਿਪੋਰਟਾਂ ਵਿੱਚ ਨਾਮਜ਼ਦ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਜ਼ਿਲ੍ਹਾ ਅਦਾਲਤ ਨੇ ਰੱਦ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਹੈ। ਉਕਤ ਚਲਾਨ ਰਿਪੋਰਟਾਂ ਵਿਚ ਨਾਮਜ਼ਦ ਕੀਤੇ ਗਏ ਬਾਦਲ ਪਿਉ-ਪੁੱਤ ਅਤੇ ਸੁਮੇਧ ਸੈਣੀ ਸਮੇਤ ਸਾਰੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ, ਅਮਰ ਸਿੰਘ ਚਾਹਲ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਜ਼ਮਾਨਤੀ ਬਾਂਡ ਵੀ ਭਰੇ ਜਾ ਚੁੱਕੇ ਹਨ ਤੇ 12 ਅਪੈ੍ਰਲ ਦਿਨ ਬੁੱਧਵਾਰ ਨੂੰ ਬਾਦਲ ਪਿਉ-ਪੁੱਤ ਸਮੇਤ ਸਾਰੇ ਉੱਚ ਪੁਲਿਸ ਅਧਿਕਾਰੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਨਾਮਜ਼ਦ ਹੋਣ ਤੋਂ ਬਾਅਦ ਅਮਰ ਸਿੰਘ ਚਾਹਲ ਨੇ ਜ਼ਿਲ੍ਹਾ ਅਦਾਲਤ ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਉਕਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ ਤਾਂ ਅਮਰ ਸਿੰਘ ਚਾਹਲ ਨੇ ਹਾਈ ਕੋਰਟ ਤੋਂ ਰਾਹਤ ਲੈਣ ਲਈ ਪਟੀਸ਼ਨ ਦਾਇਰ ਕਰ ਦਿੱਤੀ। ਹੁਣ ਹਾਈ ਕੋਰਟ ਦੇ ਜੱਜ ਰਾਜ ਮੋਹਨ ਸਿੰਘ ਨੇ ਅਮਰ ਸਿੰਘ ਚਾਹਲ ਨੂੰ ਹੇਠਲੀ ਅਦਾਲਤ ਵਿਚ ਪੇਸ਼ ਹੋਣ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀ ਕਾਂਡ ਕੇਸ ਵਿਚ ਐੱਸਆਈਟੀ ਨੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡੀਜੀਪੀ ਸੁਮੇਧ ਸੈਣੀ ਸਮੇਤ 8 ਨੂੰ ਚਲਾਨ ਰਿਪੋਰਟਾਂ ਵਿਚ ਨਾਮਜ਼ਦ ਕੀਤਾ ਸੀ ਜਿਨ੍ਹਾਂ ਵਿੱਚੋਂ ਤਤਕਾਲੀਨ ਆਈਜੀ ਅਮਰ ਸਿੰਘ ਚਾਹਲ ਨੂੰ ਛੱਡ ਕੇ ਪਹਿਲਾਂ ਬਾਕੀ ਸਾਰਿਆਂ ਨੂੰ ਅਗਾਊਂ ਜ਼ਮਾਨਤਾਂ ਮਿਲ ਚੁੱਕੀਆਂ ਸਨ ਜਿਨ੍ਹਾਂ ’ਚੋਂ ਸਾਬਕਾ ਆਈਜੀ ਅਮਰ ਸਿੰਘ ਚਾਹਲ ਨੂੰ ਛੱਡ ਕੇ ਬਾਕੀ ਸਾਰੇ ਆਪੋ ਆਪਣੇ ਜ਼ਮਾਨਤੀ ਬਾਂਡ ਫਰੀਦਕੋਟ ਦੀ ਅਦਾਲਤ ਵਿਚ ਭਰ ਚੁੱਕੇ ਹਨ।