ਬਟਾਲਾ, 20 ਅਪਰੈਲ (ਅਸ਼ਵਨੀ ਕੁਮਾਰ) : ਐਸਡੀਐਮ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਕਿਸਾਨਾ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਸਬੰਧਤ ਵਿਭਾਗਾਂ ਵਲੋਂ ਕਣਕ ਦੀ ਖਰੀਦ ਤੇ ਚੁਕਾਈ ਦੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ। ਅੱਜ ਉਨ੍ਹਾਂ ਨੇ ਆਪਣੇ ਦਫਤਰ ਵਿੱਚ ਆੜ੍ਹਤੀਆਂ ਤੇੇ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਕੇ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ।।ਮੀਟਿੰਗ ਦੌਰਾਨ ਆੜ੍ਹਤੀਆਂ ਨੇ ਆਪਣੀਆਂ ਮੁਸ਼ਕਿਲਾਂ ਐਸ.ਡੀ.ਐਮ ਦੇ ਧਿਆਨ ਵਿੱਚ ਲਿਆਂਦੀਆਂ। ਜਿਵੇਂ ਮੰਡੀ ਵਿੱਚ ਕਣਕ ਲੈ ਕੇ ਆਉਣ ਵਾਲੀਆਂ ਟਰਾਲੀਆਂ ਕੋਲੋਂ ਪਰਚੀ ਫੀਸ ਲਈ ਜਾ ਰਹੀ ਹੈ, ਕੰਢੇ ’ਤੇ ਗੱਡੀਆਂ ਦੀ ਤੁਲਾਈ ਦੀ 200 ਰੁਪਏ ਫੀਸ ਅਤੇ ਇਸ ਤੋ ਇਲਾਵਾ ਨਾਜਾਇਜ਼ ਫੜੀ ਵਾਲਿਆ ਵੱਲੋਂ ਚੋਰੀ ਕਣਕ ਦੀ ਖਰੀਦ ਮੁਸ਼ਕਿਲਾਂ ਦੱਸੀਆਂ।ਮੀਟਿੰਗ ਉਪਰੰਤ ਐਸ.ਡੀ.ਐਮ ਸ਼ਾਇਰੀ ਭੰਡਾਰੀ
ਨੇ ਦੱਸਿਆ ਕਿ ਕਿਸਾਨਾ ਵੱਲੋਂ ਮੰਡੀ ਵਿੱਚ ਕਣਕ ਲੈ ਕੇ ਆਉਂਣ ਵਾਲੀਆ ਟਰਾਲੀਆਂ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈ, ਉਹ ਫੀਸ ਬਾਹਰਂੋ ਆਏ ਲੋਡਿੰਗ ਟਰੱਕਾਂ ਕੋਲੋ ਲਾਈ ਜਾਂਦੀ ਹੈ।ਇਸ ਤੋਂ ਇਲਾਵਾ ਸਰਕਾਰੀ ਕੰਢਿਆਂ ’ਤੇ ਗੱਡੀਆਂ ਦੀ ਤੁਲਾਈ ਦੀ ਫੀਸ ਨਹੀਂ ਲਈ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾਜਾਇਜ਼ ਫੜੀ ਵਾਲਿਆਂ ਨੂੰ ਨੋਟਿਸ ਕੱਢ ਦਿੱਤੇ ਗਏ ਹਨ, ਨਾਲ ਹੀ ਉਨਾਂ ਕਿਹਾ ਕਿ ਅਜਿਹਾ ਵਿਵਹਾਰ ਕਰਨ ਵਾਲੇ ਫੜੀ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਐਸ.ਡੀ.ਐਮ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਕਰਵਾਈ ਜਾਵੇ ਅਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਸ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਦੁਹਰਾਇਆ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦਾ ਦਾਣਾ-ਦਾਣਾ ਖਰੀਦ ਕੀਤਾ ਜਾਵੇਗਾ।